Haryana flood news

CM ਨਾਇਬ ਸੈਣੀ ਵੱਲੋਂ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਜਨ ਪ੍ਰਤੀਨਿਧੀਆਂ ਨਾਲ ਗੱਲਬਾਤ

ਹਰਿਆਣਾ, 06 ਸਤੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਦਰਤੀ ਆਫ਼ਤ ‘ਚ ਸੱਤਾਧਾਰੀ ਪਾਰਟੀ, ਵਿਰੋਧੀ ਧਿਰ ਅਤੇ ਆਮ ਜਨਤਾ ਨੂੰ ਮਿਲ ਕੇ ਧੀਰਜ ਨਾਲ ਸੇਵਾ ਕਰਨ ਦੀ ਲੋੜ ਹੈ, ਤਾਂ ਜੋ ਸਾਰਿਆਂ ਨੂੰ ਇਸ ਆਫ਼ਤ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਥੇ ਪਾਣੀ ਭਰਿਆ ਹੈ, ਉਕਤ ਪ੍ਰਭਾਵਿਤ ਇਲਾਕਿਆਂ ‘ਚ ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ।

ਹਰਿਆਣਾ ਦੇ ਲਗਭਗ 3000 ਪਿੰਡ ਪਹਾੜਾਂ ਤੋਂ ਵਾਧੂ ਪਾਣੀ ਤੋਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ‘ਚ ਫਸਲਾਂ ਅਤੇ ਹੋਰ ਨੁਕਸਾਨ ਦੀ ਭਰਪਾਈ ਲਈ, ਹਰਿਆਣਾ ਸਰਕਾਰ ਨੇ ਇੱਕ ਈ-ਮੁਆਵਜ਼ਾ ਪੋਰਟਲ ਖੋਲ੍ਹਿਆ ਹੈ, ਜਿੱਥੇ ਹੁਣ ਤੱਕ 1,69,738 ਕਿਸਾਨਾਂ ਨੇ 9,96,701 ਏਕੜ ਫਸਲਾਂ ਦੇ ਨੁਕਸਾਨ ਲਈ ਅਰਜ਼ੀ ਦਿੱਤੀ ਹੈ।

ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸ਼ਾਹਾਬਾਦ ‘ਚ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਜਨ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਅਤੇ ਹਰੇਕ ਪਿੰਡ ਦੀ ਸਥਿਤੀ ਅਤੇ ਨੁਕਸਾਨ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮਾਰਕੰਡੇਸ਼ਵਰ ਮੰਦਰ ‘ਚ ਅਰਦਾਸ ਕੀਤੀ ਅਤੇ ਹੜ੍ਹ ਪ੍ਰਭਾਵਿਤ ਖੇਤਰ ਤੋਂ ਹਿਜਰਤ ਕਰਕੇ ਆਏ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ ਅਤੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਨਾਗਰਿਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਾੜੀ ਖੇਤਰਾਂ ‘ਚ ਜ਼ਿਆਦਾ ਮੀਂਹ ਪੈਣ ਕਾਰਨ ਸੂਬੇ ਦੇ ਪਿੰਡ ਜ਼ਿਆਦਾ ਪਾਣੀ ਕਾਰਨ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਲੋਕਾਂ ਦੇ ਘਰ ਪਾਣੀ ‘ਚ ਡੁੱਬ ਗਏ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਉਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਹੋਰ ਚੀਜ਼ਾਂ ਲਈ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਲ 2023 ‘ਚ ਵੀ ਸੂਬੇ ਦੇ ਅੰਦਰ ਅਜਿਹੀ ਸਥਿਤੀ ਪੈਦਾ ਹੋਈ ਸੀ। ਸੂਬੇ ਦੇ ਅਧਿਕਾਰੀ ਪ੍ਰਬੰਧ ਕਰਨ ‘ਚ ਲੱਗੇ ਹੋਏ ਹਨ। ਸੂਬਾ ਸਰਕਾਰ ਨੇ ਆਮ ਆਦਮੀ ਦੇ ਨੁਕਸਾਨ ਦੀ ਭਰਪਾਈ ਲਈ ਇੱਕ ਈ-ਮੁਆਵਜ਼ਾ ਪੋਰਟਲ ਖੋਲ੍ਹਿਆ ਹੈ, ਜਿਸ ‘ਤੇ ਆਮ ਲੋਕ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੀਆਂ ਨਹਿਰਾਂ ਅਤੇ ਨਾਲਿਆਂ ਦੀ ਲਗਾਤਾਰ ਸਫਾਈ ਕੀਤੀ ਜਾਂਦੀ ਹੈ। ਪਰ ਇਸ ਵਾਰ ਪਹਾੜਾਂ ਤੋਂ ਪਾਣੀ ਦੀ ਜ਼ਿਆਦਾ ਮਾਤਰਾ ਆਉਣ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਇਹ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਅਜਿਹੀ ਆਫ਼ਤ ਵਾਲੀ ਸਥਿਤੀ ‘ਚ ਰਾਜਨੀਤੀ ਕਰ ਰਹੀ ਹੈ। ਇਸ ਸਥਿਤੀ ‘ਚ ਵਿਰੋਧੀ ਧਿਰ ਨੂੰ ਸਰਕਾਰ ਨੂੰ ਸੁਝਾਅ ਅਤੇ ਸਮਰਥਨ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਾਰਕੰਡਾ ਨਹਿਰ ਦੀ ਸਮਰੱਥਾ 25000 ਕਿਊਸਿਕ ਪਾਣੀ ਹੈ। ਇਸ ਵਾਰ ਲਗਭਗ 40,000 ਕਿਊਸਿਕ ਪਾਣੀ ਪਹੁੰਚਿਆ ਹੈ, ਜੋ ਓਵਰਫਲੋ ਹੋ ਗਿਆ ਹੈ ਅਤੇ ਖੇਤਾਂ ਅਤੇ ਆਲੇ ਦੁਆਲੇ ਦੇ ਖੇਤਰਾਂ ‘ਚ ਪਾਣੀ ਭਰ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਮੱਦੇਨਜ਼ਰ ਕੇਂਦਰ ਨੇ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਬਾਰੇ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸਹਾਇਤਾ ਪਹੁੰਚਾਈ ਜਾ ਰਹੀ ਹੈ। ਹਰਿਆਣਾ ਤੋਂ ਪੰਜਾਬ ਨੂੰ ਭੋਜਨ, ਪਾਣੀ ਅਤੇ ਜਾਨਵਰਾਂ ਲਈ ਚਾਰਾ ਭੇਜਿਆ ਜਾ ਰਿਹਾ ਹੈ।

Read More: ਹਰਿਆਣਾ ‘ਚ ਹੜ੍ਹਾਂ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਸੂਬਾ ਸਰਕਾਰ: CM ਨਾਇਬ ਸੈਣੀ

Scroll to Top