ਹਰਿਆਣਾ, 03 ਨਵੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਧੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਪ੍ਰਾਪਤੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੀ ਧੀ ਸ਼ੇਫਾਲੀ ਵਰਮਾ, ਜੋ ਜੇਤੂ ਟੀਮ ਦਾ ਹਿੱਸਾ ਸੀ, ਜਿਨ੍ਹਾਂ ਨੇ ਫਾਈਨਲ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਪ੍ਰਾਪਤ ਕੀਤਾ। ਸ਼ੇਫਾਲੀ ਨੇ ਫੈਸਲਾਕੁੰਨ ਪਾਰੀ ਖੇਡੀ, 87 ਦੌੜਾਂ ਬਣਾਈਆਂ ਅਤੇ ਦੋ ਮਹੱਤਵਪੂਰਨ ਵਿਕਟਾਂ ਲੈ ਕੇ ਟੀਮ ਦੀ ਜਿੱਤ ਯਕੀਨੀ ਬਣਾਉਣ ‘ਚ ਵੀ ਮੁੱਖ ਭੂਮਿਕਾ ਨਿਭਾਈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ੈਫਾਲੀ ਦਾ ਸ਼ਾਨਦਾਰ ਪ੍ਰਦਰਸ਼ਨ ਹਰਿਆਣਾ ਦੀਆਂ ਧੀਆਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ ਅਤੇ ਪੂਰਾ ਹਰਿਆਣਾ ਸ਼ੈਫਾਲੀ ‘ਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਧੀਆਂ ਅੱਜ ਵੱਖ-ਵੱਖ ਖੇਡਾਂ ‘ਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
Read more: ਹਰਿਆਣਾ ‘ਚ ਪਾਰਟ-ਟਾਈਮ ਤੇ ਹੋਰ ਕਰਮਚਾਰੀਆਂ ਲਈ ਤਨਖਾਹ ‘ਚ ਵਾਧਾ




