ਚੰਡੀਗੜ੍ਹ, 03 ਜੂਨ 2023: ਉੜੀਸਾ ਦੇ ਬਾਲੇਸ਼ਵਰ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ (CM Naveen Patnaik) ਸ਼ਨੀਵਾਰ ਸਵੇਰੇ ਬਾਲੇਸ਼ਵਰ ਪਹੁੰਚੇ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ ਨੂੰ ਬਹੁਤ ਹੀ ਦੁਖਦਾਈ ਹਾਦਸਾ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਨਵੀਨ ਪਟਨਾਇਕ ਸ਼ਨੀਵਾਰ ਸਵੇਰੇ ਬਾਲਾਸੋਰ ਜ਼ਿਲਾ ਮੁੱਖ ਹਸਪਤਾਲ ਪਹੁੰਚੇ, ਜਿੱਥੇ ਮੁੱਖ ਮੰਤਰੀ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀਆਂ ਦੇ ਇਲਾਜ ਸਬੰਧੀ ਡਾਕਟਰਾਂ ਤੋਂ ਜਾਣਕਾਰੀ ਲਈ ਅਤੇ ਵਧੀਆ ਇਲਾਜ ਦੇ ਆਦੇਸ਼ ਦਿੱਤੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਪਟਨਾਇਕ ਨੇ ਹਾਦਸੇ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਸੀਐਮ ਨੇ ਕਿਹਾ ਕਿ ਮੈਂ ਬਚਾਅ ਟੀਮਾਂ, ਸਥਾਨਕ ਲੋਕਾਂ ਅਤੇ ਹੋਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਤ ਭਰ ਕੰਮ ਕੀਤਾ।ਦੱਸ ਦਈਏ ਕਿ ਬਾਲੇਸ਼ਵਰ ਜ਼ਿਲ੍ਹਾ ਹਸਪਤਾਲ ਦੇ ਗਾਇਨੀਕੋਲਾਜੀ ਵਾਰਡ ਅਤੇ ਸਰਜਰੀ ਵਾਰਡ ਵਿੱਚ ਕਰੀਬ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਜ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਮੁੱਖ ਮੰਤਰੀ ਹੈਲੀਪੈਡ ਲਈ ਰਵਾਨਾ ਹੋ ਗਏ।