July 1, 2024 12:12 am
PWD

CM ਮਾਨ ਨੇ PWD ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ

ਚੰਡੀਗੜ੍ਹ, 30 ਜਨਵਰੀ 2023: ਚੰਡੀਗੜ੍ਹ ਵਿੱਚ ਨਗਰ ਨਿਗਮ ਭਵਨ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਨਿਰਮਾਣ ਵਿਭਾਗ (PWD) ਦੇ 188 ਜੇ.ਈਜ਼ ਨੂੰ ਨਿਯੁਕਤੀ ਪੱਤਰ ਵੰਡੇ । ਮੁੱਖ ਮੰਤਰੀ ਨੇ ਇਸ ਮੌਕੇ ਸਾਰੇ 188 ਜੇ.ਈਜ਼ ਨੂੰ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ‘ਕੱਚਾ’ ਸ਼ਬਦ ਖ਼ਤਮ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਸਾਮੀ ਨੂੰ ਖਾਲੀ ਨਹੀਂ ਰਹਿਣ ਦਿੱਤਾ ਜਾਵੇਗਾ, ਮਨਜ਼ੂਰੀ ਮਿਲਦੇ ਹੀ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਹਨ। ਜਿਵੇਂ-ਜਿਵੇਂ ਮਨਜ਼ੂਰੀ ਮਿਲ ਰਹੀ ਹੈ, ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ ਉਹ 26047 ਨਿਯੁਕਤੀ ਪੱਤਰ ਵੰਡ ਜਾ ਚੁੱਕੇ ਹਨ। ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਡਿਗਰੀ ਅਨੁਸਾਰ ਨੌਕਰੀਆਂ ਮਿਲਣਗੀਆਂ। ਕੋਈ ਸਿਫ਼ਾਰਸ਼ਾਂ ਹੁਣ ਕੰਮ ਨਹੀਂ ਕਰਦੀਆਂ। ਜੇਕਰ ਤੁਸੀਂ ਵੀ ਮਿਹਨਤ ਕਰੋਗੇ ਤਾਂ ਉਸ ਦਾ ਨਾਂ ਵੀ ਲੋਕ ਨਿਰਮਾਣ ਵਿੱਚ ਆਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਲੋਕ ਮੁਹੱਲਾ ਕਲੀਨਿਕਾਂ ਦਾ ਲਾਹਾ ਲੈ ਰਹੇ ਹਨ। ਕਲੀਨਿਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਵੱਡੇ ਹਸਪਤਾਲਾਂ ਵਿੱਚ ਭੀੜ ਘੱਟ ਗਈ ਹੈ। ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਕਾਗਜ਼ ਰਹਿਤ ਹੈ। ਪੰਜਾਬ ਵਿੱਚ ਹੋਰ ਉਦਯੋਗ ਆ ਰਹੇ ਹਨ। ਪਿਛਲੀਆਂ ਸਰਕਾਰਾਂ ਵੇਲੇ ਤਾਂ ਲੋਕ ਟੈਂਕੀਆਂ ਤੇ ਟਾਵਰਾਂ ‘ਤੇ ਚੜ੍ਹ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਠੋਕ ਕੇ ਘਰ-ਘਰ ਪਹੁੰਚਾਈ ਜਾਵੇਗੀ। ਲੋਕਾਂ ਨੂੰ ਰਾਹਤ ਦੇਣ ਲਈ ਸੇਵਾਵਾਂ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਜਾਵੇਗੀ।

ਇਸ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਵੀ ਨਿਸ਼ਾਨਾ ਸਾਧਿਆ। ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕਾਂ ‘ਚ ਤਬਦੀਲ ਕਰਨ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਕਹਿੰਦੇ ਹਨ ਕਿ ਉਨ੍ਹਾਂ ਨੇ ਡਿਸਪੈਂਸਰੀਆਂ ਬਣਵਾਈਆਂ ਪਰ ਕੀ ਬਾਦਲਾਂ ਨੇ ਡਿਸਪੈਂਸਰੀਆਂ ਨੂੰ ਰਜਿਸਟਰਡ ਕਰਵਾਇਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਖਸਤਾਹਾਲ ਇਮਾਰਤਾਂ ਨੂੰ ਬਹਾਲ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਨੂੰ ਹਰ ਪਿੰਡ ਦਾ ਦੌਰਾ ਕਰਕੇ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਬਣਾਈਆਂ ਡਿਸਪੈਂਸਰੀਆਂ ਚੱਲ ਰਹੀਆਂ ਹਨ ਜਾਂ ਨਹੀਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ 6 ਮਹੀਨਿਆਂ ‘ਚ ਆ ਕੇ ਐਲਾਨ ਕਰਦੀਆਂ ਸਨ ਪਰ ਉਨ੍ਹਾਂ ਦੀ ਸਰਕਾਰ ਨੇ ਪਹਿਲੇ 6 ਮਹੀਨਿਆਂ ‘ਚ ਹੀ ਆਪਣਾ ਕੰਮ ਕਰਕੇ ਦਿਖਾਇਆ ਹੈ। ਜੇਕਰ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪੈਂਦੀ।