ਖੰਨਾ 'ਚ ਸੀ.ਐੱਮ.

ਖੰਨਾ ‘ਚ ਸੀ.ਐੱਮ. ਦੇ ਲੱਗੇ ਪੋਸਟਰ ਭਾਜਪਾ ਦੇ ਆਈ. ਟੀ. ਸੈੱਲ ਦੀ ਸਾਜਿਸ਼ : ਬਲਬੀਰ ਸਿੰਘ ਰਾਜੇਵਾਲ

ਚੰਡੀਗੜ੍ਹ ,12 ਅਗਸਤ 2021 : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਖੰਨਾ ਵਿਚ ਉਹਨਾਂ ਦੇ ਲਗਾਏ ਮੁੱਖ ਮੰਤਰੀ ਦੇ ਪੋਸਟਰਾਂ ਦਾ ਖੰਡਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਮਰਾਲਾ ਵਿਖੇ ਬੋਲਦਿਆਂ ਕਿਹਾ ਕਿ ਖੰਨਾ ਵਿਚ ਸੀ.ਐੱਮ. ਦੇ ਲੱਗੇ ਪੋਸਟਰ ਭਾਜਪਾ ਦੇ ਆਈ. ਟੀ. ਸੈੱਲ ਦੀ ਸਾਜਿਸ਼ ਸੀ।

ਇਸ ਦੇ ਇਲਾਵਾ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਬੋਲਦੇ ਰਾਜੇਵਾਲ ਨੇ ਕਿਹਾ ਕਿ ਜੇਕਰ ਇਹ ਨਵੇਂ ਤਿੰਨ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਪੂਰਾ ਦੇਸ਼ ਅਤੇ ਸਾਰੇ ਹੀ ਵਰਗ ਇਸ ਤੋਂ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਸਾਰੇ ਹੀ ਵਰਗਾਂ ਦੀ ਇਕ ਰਾਏ ਹੈ ਅਤੇ ਕੋਈ ਵੀ ਵਰਗ ਇਨਾਂ ਕਾਨੂੰਨਾਂ ਨੂੰ ਨਹੀਂ ਚਾਹੁੰਦਾ ਫਿਰ ਵੀ ਮੋਦੀ ਸਰਕਾਰ ਕਾਨੂੰਨ ਲਾਗੂ ਕਰਨ ਲਈ ਬਜ਼ਿੱਦ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਸੂਬੇ ਦੀਆਂ ਸਾਰੀਆਂ ਹੀ ਬਾਰ ਐਸੋਸੀਏਸ਼ਨਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡੱਟ ਕੇ ਕਿਸਾਨਾਂ ਨਾਲ ਪਹਿਲੇ ਦਿਨ ਤੋਂ ਹੀ ਖੜ੍ਹੀਆਂ ਹਨ ਅਤੇ ਇਥੋਂ ਤੱਕ ਕਿ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਨੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਨਾਗਰਿਕ ਕਿਸਾਨੀ ਅੰਦੋਲਨ ਦਾ ਸਾਥ ਦੇ ਰਿਹਾ ਹੈ ,ਤੇ ਅਸੀਂ ਇਹ ਜੰਗ ਜਿੱਤ ਕੇ ਹੀ ਜਵਾਗੇਂ |

Scroll to Top