ਨਾਭਾ/ਪਟਿਆਲਾ, 27 ਅਕਤੂਬਰ 2025: ਪੰਜਾਬ ‘ਚ ਮਿਆਰੀ ਸੜਕਾਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੀ ਸੀ.ਐਮ. ਫਲਾਇੰਗ ਸਕੁਐਡ (CM Flying Squad) ਨੇ ਅੱਜ ਕੁਝ ਸਮਾਂ ਪਹਿਲਾਂ ਬਣਾਈ ਹਿਆਣਾ ਖੁਰਦ ਤੋਂ ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਬੰਧਤ ਠੇਕੇਦਾਰ ਵੱਲੋਂ ਜੇਕਰ ਇਸ ਸੜਕ ਦੇ ਕੰਮ ‘ਚ ਕੋਈ ਕੁਤਾਹੀ ਵਰਤੀ ਸਾਹਮਣੇ ਆਈ ਤਾਂ ਸਬੰਧਤ ਠੇਕੇਦਾਰ ਤੇ ਸਬੰਧਤ ਵਿਭਾਗੀ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ‘ਮੁੱਖ ਮੰਤਰੀ ਉਡਣ ਦਸਤੇ’ ਵੱਲੋਂ ਛਾਪਾਮਾਰੀ ਕਰਕੇ ਮਾਰਕੀਟ ਕਮੇਟੀ ਵੱਲੋਂ ਬਣਵਾਈ ਕਰੀਬ 2.5 ਕਿਲੋਮੀਟਰ ਸੜਕ ਦਾ ਨਿਰੀਖਣ ਕਰਨ ਦੀ ਇਹ ਕਾਰਵਾਈ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਲਕਾ ਪਟਿਆਲਾ ਦਿਹਾਤੀ ਦੀ ਪੂਰੀ ਤਰ੍ਹਾਂ ਚੌਕਸ ਨੋਡਲ ਵਲੰਟੀਅਰ ਟੀਮ ਵੱਲੋਂ ਦਿੱਤੀ ਰਿਪੋਰਟ ਦੇ ਅਧਾਰ ‘ਤੇ ਕੀਤੀ ਹੈ।
ਪੰਜਾਬ ਦੇ ਸਿਹਤ ਮੰਤਰੀ ਦੀ ਵਲੰਟੀਅਰ ਟੀਮ ਵੱਲੋਂ ਆਪਣੇ ਹਲਕੇ ਅੰਦਰ ਬਣ ਰਹੀਆਂ ਸੜਕਾਂ ਦਾ ਮਿਆਰ ਚੈਕ ਕਰਕੇ ਲੋਕਾਂ ਦੀ ਫੀਡਬੈਕ ਲੈ ਕੇ ਜਮੀਨੀ ਪੱਧਰ ‘ਤੇ ਹੋ ਰਹੇ ਕੰਮਾਂ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਸੜਕਾਂ ਬਣਾਉਣ ਵਾਲੀ ਏਜੰਸੀ ਨੂੰ 5 ਸਾਲਾਂ ਲਈ ਉਸ ਸੜਕ ਦੀ ਮੁਰੰਮਤ ਦੀ ਵੀ ਜਿੰਮੇਵਾਰੀ ਸੌਂਪੀ ਗਈ ਹੋਵੇ।
ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਦਿਹਾਤੀ ਹਲਕੇ ਦੀ ਟੀਮ ਨੇ ਇਹ ਰਿਪੋਰਟ ਦਿੱਤੀ ਸੀ ਕਿ ਕੁਝ ਸਮਾਂ ਪਹਿਲਾਂ ਹਿਆਣਾ ਤੋਂ ਮੰਡੌਰ ਅਜਨੌਦਾ ਸੜਕ ਦੀ ਕੁਝ ਥਾਵਾਂ ‘ਤੇ ਹਾਲਤ ਖਰਾਬ ਹੋ ਗਈ ਹੈ, ਜਿਸ ਤਹਿਤ ਸੀ.ਐਮ. ਫਲਾਇੰਗ ਸਕੁਐਡ ਵੱਲੋਂ ਅੱਜ ਇਸ ਸੜਕ ਦੀ ਜਾਂਚ ਕੀਤੀ ਹੈ।
‘ਮੁੱਖ ਮੰਤਰੀ ਉਡਣ ਦਸਤੇ’ ‘ਚ 15 ਜ਼ਿਲ੍ਹਿਆਂ ਦੀਆਂ ਸੜਕਾਂ ਚੈਕ ਕਰਨ ਲਈ ਸ਼ਾਮਲ ਮੈਂਬਰ ਲੋਕ ਨਿਰਮਾਣ ਵਿਭਾਗ ਦੇ ਉਸਾਰੀ ਸਰਕਲ ਪਟਿਆਲਾ ਦੇ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਦੇ ਤਿੰਨ ਸੈਂਪਲ ਲਏ ਹਨ ਅਤੇ ਇਹ ਗੁਣਵੱਤਾ ਦੀ ਅਗਲੇਰੀ ਜਾਂਚ ਲਈ ਲੈਬਾਰਟਰੀ ਵਿਖੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਸਬੰਧਤ ਏਜੰਸੀ ਤੇ ਠੇਕੇਦਾਰ ਨੂੰ ਸਖ਼ਤ ਹਦਾਇਤ ਕਰਕੇ ਸੜਕ ਦੇ ਨਿਰਮਾਣ ‘ਚ ਸਮਾਂਬੱਧ ਢੰਗ ਨਾਲ ਲੋੜੀਂਦੇ ਸੁਧਾਰ ਤੇ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ।
Read More: ਪੰਜਾਬ ਪੁਲਿਸ ਨੇ ਛਾਪੇਮਾਰੀ ਦੌਰਾਨ 90 ਜਣਿਆਂ ਨੂੰ ਕੀਤਾ ਗ੍ਰਿਫਤਾਰ, ਨਸ਼ੀਲੇ ਪਦਾਰਥ ਬਰਾਮਦ




