July 2, 2024 7:23 pm
CM di Yogshala

CM di Yogshala: ਮੋਹਾਲੀ ਜ਼ਿਲ੍ਹੇ ਦੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਮੁੱਖ ਮੰਤਰੀ ਯੋਗਸ਼ਾਲਾ ਦਾ ਮਿਲ ਰਿਹੈ ਲਾਭ

ਐੱਸ ਏ ਐੱਸ ਨਗਰ, 14 ਜੂਨ, 2024: ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਮੁੱਖ ਮੰਤਰੀ ਯੋਗਸ਼ਾਲਾ (CM di Yogshala) ਤੋਂ ਲਾਭ ਉਠਾ ਰਹੇ ਹਨ। ਕਈ ਸਿਹਤ ਸਮੱਸਿਆਵਾਂ ਪੈਦਾ ਕਰਨ ਵਾਲੀ ਬਦਲਦੀ ਜੀਵਨਸ਼ੈਲੀ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਸਿਖਲਾਈ ਦੇ ਕੇ ਮੁੜ ਤੰਦਰੁਸਤੀ ਭਰੀ ਜੀਵਨ ਸ਼ੈਲੀ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਰੇਕ ਸੈਸ਼ਨ (ਯੋਗਾ ਕਲਾਸ) ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਦਾਖਲਾ ਲਾਜ਼ਮੀ ਹੈ ਅਤੇ ਯੋਗਾ ਸੈਸ਼ਨਾਂ (CM di Yogshala) ਵਿੱਚ ਭਾਗ ਲੈਣ ਲਈ ਆਉਣ ਵਾਲੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨ ਲਈ ਸਾਡੇ ਜ਼ਿਲ੍ਹੇ ਵਿੱਚ 45 ਯੋਗਾ ਕੋਚ ਉਪਲਬਧ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 240 ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਇਨ੍ਹਾਂ ਯੋਗਾ ਕਲਾਸਾਂ ਨਾਲ ਲਗਪਗ 10300 ਜ਼ਿਲ੍ਹਾ ਨਿਵਾਸੀ ਲਾਭ ਉਠਾ ਰਹੇ ਹਨ।

ਯੋਗਾ ਸੈਸ਼ਨ ਸਵੇਰੇ 5:00 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ 8:15 ਵਜੇ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ ਤਾਂ ਜੋ ਦਫ਼ਤਰ ਜਾਣ ਵਾਲਿਆਂ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਲਾਭ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੋਹਾਲੀ ਸਿਟੀ, ਨਿਊ ਚੰਡੀਗੜ੍ਹ, ਜ਼ੀਰਕਪੁਰ, ਖਰੜ, ਡੇਰਾਬੱਸੀ ਅਤੇ ਨਵਾਂ ਗਾਓਂ ਵਿੱਚ ਰੋਜ਼ਾਨਾ ਯੋਗਾ ਸੈਸ਼ਨ ਹੁੰਦੇ ਹਨ।

ਯੋਗਾ ਇੰਸਟ੍ਰਕਟਰ, ਪੂਜਾ ਰਾਵਤ ਜੋ ਕਿ ਮੁਹਾਲੀ ਸ਼ਹਿਰ ਵਿੱਚ ਸੈਸ਼ਨਾਂ ਦਾ ਆਯੋਜਨ ਕਰ ਰਹੀ ਹੈ, ਨੇ ਦੱਸਿਆ ਕਿ ਸ਼ਹਿਰ ਨਿਵਾਸੀ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ “ਸਾਡੇ ਕੋਲ ਇੱਕ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ। ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪੂਜਾ ਨੇ ਅੱਗੇ ਕਿਹਾ ਕਿ ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ / ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਅੱਗੇ ਕਿਹਾ ਕਿ ਮੁਹਾਲੀ ਵਿੱਚ ਵੱਖ-ਵੱਖ ਸਥਾਨ ਹਨ ਜਿੱਥੇ ਨਿਯਮਤ ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਕੁਝ ਸਾਈਟਾਂ ਦੀ ਸੂਚੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫੇਜ਼ 4, ਫੇਜ਼ 1 ਪਾਰਕ ਨੰਬਰ 23, ਜੇਐਲਪੀਐਲ ਸੁਸਾਇਟੀ ਸੈਕਟਰ 94 ਅਤੇ ਜ਼ੀਰਕਪੁਰ ਦਾ ਜਰਨੈਲ ਦੌਲਤ ਸਿੰਘ ਪਾਰਕ ਕੁਝ ਉਦਾਹਰਣਾਂ ਹਨ ਜਿੱਥੇ ਰੋਜ਼ਾਨਾ ਸੈਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਪਾਰਕ, ਕਮਿਊਨਿਟੀ ਸੈਂਟਰ ਅਤੇ ਧਰਮਸ਼ਾਲਾਵਾਂ ਸਭ ਤੋਂ ਆਮ ਅਤੇ ਜਾਣੀਆਂ-ਪਛਾਣੀਆਂ ਥਾਵਾਂ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਯੋਗਾ ਸੈਸ਼ਨ ਕਰਵਾਉਣ ਲਈ ਕਰ ਰਹੇ ਹਾਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।