ਚੰਡੀਗੜ੍ਹ, 25 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸਿੱਧ ਕਾਰੋਬਾਰੀ ਤੇ ਪੰਜਾਬ ਯੋਜਨਾ ਬੋਰਡ ਦੇ ਵਾਇਸ ਚੇਅਰਮੈਨ ਰਾਜਿੰਦਰ ਗੁਪਤਾ ਦੀ ਮਾਤਾ ਸ੍ਰੀਮਤੀ ਮਾਇਆ ਦੇਵੀ ਦੇ ਦਿਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜ ਲਈ ਖ਼ਾਸ ਤੌਰ ਉਤੇ ਗੁਪਤਾ ਪਰਿਵਾਰ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਮਾਇਆ ਦੇਵੀ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ, ਜਿਨ੍ਹਾਂ ਆਪਣੀ ਸੰਤਾਨ ਦਾ ਭਵਿੱਖ ਸੰਵਾਰਨ ਲਈ ਅਹਿਮ ਭੂਮਿਕਾ ਨਿਭਾਈ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀਮਤੀ ਮਾਇਆ ਦੇਵੀ ਦੀ ਦੂਰ-ਦ੍ਰਿਸ਼ਟੀ ਅਤੇ ਕੰਮ ਪ੍ਰਤੀ ਸਮਰਪਣ ਤੇ ਮਿਹਨਤ ਸਮੁੱਚੇ ਟਰਾਈਡੈਂਟ ਗਰੁੱਪ ਦੀ ਸਮਰੱਥਾ ਦੇ ਮੁੱਖ ਸਰੋਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਮਾਇਆ ਦੇਵੀ ਦੇ ਦਿਹਾਂਤ ਨਾਲ ਵੱਡਾ ਘਾਟਾ ਪਿਆ ਹੈ, ਜਿਸ ਦਾ ਨੇੜ ਭਵਿੱਖ ਵਿੱਚ ਪੂਰਿਆ ਜਾਣਾ ਮੁਸ਼ਕਲ ਹੈ। ਸ੍ਰੀਮਤੀ ਮਾਇਆ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ, ਸਨੇਹੀਆਂ ਤੇ ਸਕੇ-ਸਬੰਧੀਆਂ ਨਾਲ ਹਮਦਰਦੀ ਜ਼ਾਹਰ ਕੀਤੀ। ਭਗਵੰਤ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।