ਚੰਡੀਗੜ੍ਹ, 24 ਨਵੰਬਰ 2023: ਪੰਜਾਬ ਦੇ ਜਲੰਧਰ ‘ਚ ਧਰਨੇ ‘ਤੇ ਬੈਠੇ ਕਿਸਾਨਾਂ (farmers) ਨੇ ਰੇਲਵੇ ਟਰੈਕ ਨੂੰ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਸਾਨਾਂ ਨਾਲ ਬੈਠਕ ਖ਼ਤਮ ਹੋ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਪੂਰੇ ਭਾਰਤ ਵਿੱਚ ਗੰਨੇ ਦਾ ਸਭ ਤੋਂ ਵੱਧ ਰੇਟ ਦਿੱਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੇ ਹਾਈਵੇ ਜਲਦੀ ਖੋਲ੍ਹਣ ਦੀ ਗੱਲ ਕੀਤੀ ਹੈ।
ਫਿਲਹਾਲ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਅਜੇ ਵੀ ਜਾਮ ਹੈ। ਬੈਠਕ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਕੱਲ੍ਹ ਸੀਐਮ ਮਾਨ ਮਿੱਲ ਮਾਲਕਾਂ ਨਾਲ ਬੈਠਕ ਵੀ ਕਰਨਗੇ। ਕਿਸਾਨ ਬੈਠਕ ਵਿੱਚ ਕਿਸਾਨ ਆਗੂ ਮਨਜੀਤ ਰਾਏ ਸਮੇਤ ਅੱਠ ਆਗੂ ਹਾਜ਼ਰ ਸਨ।
ਕਿਸਾਨਾਂ ਨਾਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਡੀਆ ਸਾਹਮਣੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਬੈਠਕ ਦੌਰਾਨ ਹੋਈ ਸਹਿਮਤੀ ਬਾਰੇ ਦੱਸਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਜਲਦ ਹੀ ਗੰਨਾ ਕਾਸ਼ਤਕਾਰਾਂ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਤੋਹਫ਼ੇ ਦੇਵੇਗੀ । ਸਬੰਧਤ ਵਿਭਾਗ ਦੇ ਅਧਿਕਾਰੀ ਮੇਰੇ ਨਾਲ ਬੈਠਕ ਵਿੱਚ ਸਨ, ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਮਾਨ ਨੇ ਕਿਹ ਕਿ ਕਿਸਾਨਾਂ (farmers) ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਰੇਲਵੇ ਟਰੈਕ ਅਤੇ ਹਾਈਵੇਅ ਨਹੀਂ ਜਾਮ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਸਹਿਮਤੀ ਬਣਨ ਤੋਂ ਬਾਅਦ ਅਸੀਂ ਖੰਡ ਮਿੱਲ ਮਾਲਕਾਂ ਨੂੰ ਬੈਠਕ ਲਈ ਬੁਲਾਇਆ ਹੈ। ਸਰਕਾਰ ਸ਼ਨੀਵਾਰ ਨੂੰ ਮਿੱਲ ਮਾਲਕਾਂ ਨਾਲ ਬੈਠਕ ਕਰੇਗੀ ਅਤੇ ਕਿਸਾਨਾਂ ਦੇ ਫਸੇ ਹੋਏ ਪੈਸੇ ਵਾਪਸ ਕੀਤੇ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਕਿਸਾਨ ਭਵਨ ਆ ਕੇ ਅਧਿਕਾਰੀਆਂ ਨਾਲ ਬੈਠਕ ਕਰਨ, ਅਸੀਂ ਇਸ ਦਾ ਹੱਲ ਕੱਢ ਲਵਾਂਗੇ।
ਮੁੱਖ ਮੰਤਰੀ ਮਾਨ ਨੇ ਕਿਹਾ-ਮੈਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਧਰਨਿਆਂ ਕਾਰਨ ਆਮ ਲੋਕ ਵਿਰੋਧੀ ਹੋ ਜਾਂਦੇ ਹਨ। ਕਿਸਾਨ ਗੱਲਬਾਤ ਲਈ ਸਿੱਧੇ ਉਨ੍ਹਾਂ ਨੂੰ ਮਿਲਣ ਆ ਸਕਦੇ ਹਨ, ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਧਰਨਾ ਦੇ ਸਕਦੇ ਹਨ। ਇਸ ਤਰ੍ਹਾਂ ਸੜਕਾਂ ਅਤੇ ਰੇਲ ਗੱਡੀਆਂ ਬੰਦ ਹੋਣ ਕਾਰਨ ਆਮ ਲੋਕ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਸਰਕਾਰ ਨਾਲ ਗੱਲ ਕਰਨੀ ਚੰਗੀ ਗੱਲ ਨਹੀਂ ਹੈ।