ਚੰਡੀਗੜ੍ਹ, 20 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ (Ludhiana) ਵਾਸੀਆਂ ਨੂੰ ਵੱਡਾ ਤੋਹਫਾ ਦੇਣਗੇ। ਮੁੱਖ ਮੰਤਰੀ ਮਾਨ ਅੱਜ ਲੁਧਿਆਣਾ ਵਿੱਚ 225 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਮਾਲਪੁਰ, 4850 ਮੀਟਰ ਪਾਈਪਲਾਈਨ ਅਤੇ 2 ਨੰਬਰ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਦਾ ਉਦਘਾਟਨ ਕਰਨਗੇ। ਇਹ ਵਿਸਤ੍ਰਿਤ ਪ੍ਰੋਜੈਕਟ ਬੁੱਢਾ ਦਰਿਆ ਦੇ ਕਾਇਆ ਕਲਪ ਲਈ ਤਿਆਰ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਇਸ ਸੀਵਰੇਜ ਟ੍ਰੀਟਮੈਂਟ ਪ੍ਰਾਜੈਕਟ ਦੀ ਕੁੱਲ ਲਾਗਤ 650 ਕਰੋੜ ਰੁਪਏ ਹੋਵੇਗੀ। ਮੁੱਖ ਮੰਤਰੀ ਮਾਨ 315.50 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਤਿੰਨ ਹਿੱਸਿਆਂ (ਜੋ ਕਿ ਪੂਰੇ ਪ੍ਰੋਜੈਕਟ ਦਾ ਦੋ ਤਿਹਾਈ ਹਿੱਸਾ ਹੈ) ਦਾ ਉਦਘਾਟਨ ਕਰਨਗੇ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਲੁਧਿਆਣਾ ਵਾਸੀਆਂ ਨੂੰ ਬੁੱਢਾ ਦਰਿਆ ਦੇ ਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ।