Republic Day

CM ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਬਠਿੰਡਾ ‘ਚ ਲਹਿਰਾਉਣਗੇ ਤਿਰੰਗਾ, ਸੁਰੱਖਿਆ ਪ੍ਰਬੰਧ ਮੁਕੰਮਲ

ਚੰਡੀਗੜ੍ਹ, 25 ਜਨਵਰੀ 2023: 74ਵੇਂ ਗਣਤੰਤਰ ਦਿਵਸ (Republic Day) ‘ਤੇ ਪੰਜਾਬ ‘ਚ ਹੋਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ‘ਚ ‘ਆਪ’ ਦੀ ਸਰਕਾਰ ਆਉਣ ‘ਤੇ ਗਣਤੰਤਰ ਦਿਵਸ ‘ਤੇ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਝੰਡਾ ਲਹਿਰਾਉਣਗੇ। ਭਗਵੰਤ ਮਾਨ ਭਲਕੇ ਬਠਿੰਡਾ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਆਮਦ ਨੂੰ ਲੈ ਕੇ ਸਮੁੱਚਾ ਪੁਲਿਸ-ਪ੍ਰਸ਼ਾਸ਼ਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ‘ਚ ਜੁਟਿਆ ਹੋਇਆ ਹੈ। ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਸਮਾਗਮ ਵਾਲੀ ਥਾਂ ਨੂੰ ਜਾਣ ਵਾਲੇ ਰਸਤੇ ’ਤੇ ਵਾਰ-ਵਾਰ ਚੈਕਿੰਗ ਕੀਤੀ ਜਾ ਰਹੀ ਹੈ। ਵਾਹਨਾਂ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਸਮੇਤ ਹਰ ਪਹਿਲੂ ਤੋਂ ਚੌਕਸੀ ਰੱਖੀ ਜਾ ਰਹੀ ਹੈ।

ਐਸਐਸਪੀ ਬਠਿੰਡਾ ਜੇ. ਇਲਨਚੇਲੀਅਨ ਖੁਦ ਦਿਨ-ਰਾਤ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਉਹ ਵੱਖ-ਵੱਖ ਥਾਵਾਂ ‘ਤੇ ਪੁਲਿਸ ਨਾਕਿਆਂ ਦੀ ਚੈਕਿੰਗ ਕਰਨ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਸਬੰਧੀ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ |

ਸੀਐਮ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਐਸਐਸਪੀ ਜੇ. ਇਲਨਚੇਲੀਅਨ ਨੇ ਬਠਿੰਡਾ ਦੇ ਸਮੂਹ ਐਸ.ਐਚ.ਓਜ਼ ਅਤੇ ਚੌਕੀ ਇੰਚਾਰਜਾਂ ਦੀ ਮੀਟਿੰਗ ਕੀਤੀ। ਉਨ੍ਹਾਂ ਸਮੂਹ ਜ਼ਿੰਮੇਵਾਰ ਅਧਿਕਾਰੀਆਂ ਨੂੰ ਗਣਤੰਤਰ ਦਿਵਸ (Republic Day) ਅਤੇ ਉਸ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਹਰ ਪਲ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ । ਮੁੱਖ ਮੰਤਰੀ ਦੇ ਬਠਿੰਡਾ ਰੇਂਜ ਵਿੱਚ ਦਾਖਲ ਹੋਣ ਤੱਕ ਅਤੇ ਗਣਤੰਤਰ ਦਿਵਸ ਦੀ ਰਾਤ ਤੱਕ ਫੋਰਸ ਨੂੰ ਹਰ ਪਲ ਚੌਕਸ ਰਹਿਣ ਲਈ ਕਿਹਾ ਗਿਆ ਹੈ।

Scroll to Top