ਚੰਡੀਗੜ੍ਹ, 11 ਅਕਤੂਬਰ 2023: ਸਤਲੁਜ ਯਮੁਨਾ ਲਿੰਕ (SYL) ਨਹਿਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ ’ਤੇ ਚਰਚਾ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀ ਥਾਂ ਅਬੋਹਰ ਇਲਾਕੇ ਵਿਚ ਕਰਨ ਕਿਉਂਕਿ ਜੇਕਰ ਪਾਣੀਆਂ ਨੂੰ ਲੈ ਕੇ ਕੋਈ ਫ਼ੈਸਲਾ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਅਬੋਹਰ ਇਲਾਕੇ ਵਿਚ ਪਵੇਗਾ।
ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਥੀਏਟਰ ਨਾਟਕਾਂ ਲਈ ਚੰਗੇ ਲੱਗਦੇ ਹਨ ਨਾ ਕਿ ਅਜਿਹੇ ਗੰਭੀਰ ਮੁੱਦਿਆਂ ’ਤੇ ਚਰਚਾ ਕਰਨ ਲਈ, ਇਸ ਲਈ ਮੁੱਖ ਮੰਤਰੀ ਅਜਿਹੀ ਅਤੇ ਹੋਰ ਮੁੱਦਿਆਂ ’ਤੇ ਚਰਚਾ ਕਰਨ ਲਈ ਐਗਰੀਕਲਚਰ ਯੂਨੀਵਰਸਿਟੀ ਜਿਹੇ ਸਥਾਨਾਂ ਦੀ ਚੋਣ ਕਰਨ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੂੰ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਜਦਕਿ ਉਹ ਸਤਾ ਦੇ ਨਸ਼ੇ ਵਿਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ‘ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਹਨ, ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਐੱਸਵਾਈਐੱਲ (SYL) ਦੇ ਸਰਵੇ ਕਰਵਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ |
ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ‘ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ‘ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ‘ਤੇ ਹੀ ਲਾਈ ਹੈ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਹੈ | 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ |