July 4, 2024 8:55 pm
ਅਰਬੀ ਘੋੜਿਆਂ

CM ਭਗਵੰਤ ਮਾਨ ਨੇ ਬਿਕਰਮ ਮਜੀਠੀਆ ਤੋਂ ਅਰਬੀ ਘੋੜਿਆਂ ਨੂੰ ਲੈ ਕੇ 5 ਦਸੰਬਰ ਤੱਕ ਮੰਗਿਆ ਜਵਾਬ

ਚੰਡੀਗੜ੍ਹ, 01 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਮਿਉਂਸਪਲ ਭਵਨ ਵਿੱਚ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਸਾਰੇ ਨਵ-ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਸਵਾਲ ਪੁੱਛਿਆ ਹੈ ਕਿ ਅਰਬੀ ਘੋੜੇ ਕਿੱਥੇ ਹਨ ?, ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਅਰਬੀ ਘੋੜਿਆਂ ‘ਤੇ 5 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ, ਜੇਕਰ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਮੈਂ ਮੀਡੀਆ ਦੇ ਸਾਹਮਣੇ ਆ ਕੇ ਤੁਹਾਨੂੰ ਖੁਦ ਦੱਸਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ ਹੈ, ਉਹ ਸਿਰਫ ਸੁਖਬੀਰ ਬਾਦਲ ਦਾ ਸਾਲਾ ਹੈ।

ਮੁੱਖ ਮੰਤਰੀ ਨੇ ਇੱਕ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਟੀਮ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਸੀ ਪਰ 2 ਮਹੀਨਿਆਂ ਬਾਅਦ ਅਰਬੀ ਬਾਦਸ਼ਾਹ ਨੇ ਫੋਨ ‘ਤੇ ਪੁੱਛਿਆ ਕਿ ਘੋੜੇ ਕਿੱਥੇ ਹਨ। ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਲਗਾ ਕੇ ਦੋ ਘੰਟੇ ਦੇ ਅੰਦਰ ਸੂਚਿਤ ਕਰਨਗੇ।

ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਹਨ ਅਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਜਿਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਬੰਨ੍ਹ ਕੇ ਮੇਰਠ ਦੇ ਉਸ ਐਨੀਮਲ ਟਰੇਨਿੰਗ ਸੈਂਟਰ ‘ਚ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।