ਚੰਡੀਗੜ੍ਹ, 23 ਮਾਰਚ 2023: ਪੰਜਾਬ ਦੇ ਬਹਾਦਰ ਪੁੱਤਰ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ (Shaheed Bhagat Singh), ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚੇ । ਇੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ…ਮਰਜ਼ੀ ਦੀ ਜ਼ਿੰਦਗੀ ਜੀਅ ਰਹੇ ਹਾਂ…ਸਾਡੇ ਸ਼ਹੀਦਾਂ ਨੇ ਸਾਨੂੰ ਪਹਿਚਾਣ ਦਿੱਤੀ ਦੇਸ਼ ਦੀ ਸੇਵਾ ਕਰਨ ਲਈ ਰਾਹ ਦਿੱਤੇ…ਅੱਜ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ ਦੀ ਦੇਸ਼ ਖ਼ਾਤਰ ਦਿੱਤੀ ਅਦੁੱਤੀ ਸ਼ਹਾਦਤ ਨੂੰ ਦਿਲੋਂ ਸਿਜਦਾ ਕਰਦੇ ਹਾਂ…
ਇਨਕਲਾਬ ਜ਼ਿੰਦਾਬਾਦ।
ਮੁੱਖ ਮੰਤਰੀ ਮਾਨ ਦੀ ਆਮਦ ਤੋਂ ਪਹਿਲਾਂ ਪਿੰਡ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਇਸ ਤੋਂ ਪਹਿਲਾਂ 22 ਮਾਰਚ ਨੂੰ ਮੁੱਖ ਮੰਤਰੀ ਮਾਨ ਨੇ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਘਰ ਤੱਕ 850 ਮੀਟਰ ਲੰਬੀ ਵਿਰਾਸਤੀ ਗਲੀ ਬਣਾਉਣ ਦਾ ਐਲਾਨ ਵੀ ਕੀਤਾ ਸੀ।
ਮੁੱਖ ਮੰਤਰੀ ਦੇ ਅੱਜ ਤਿੰਨ ਪ੍ਰੋਗਰਾਮ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਤੋਂ ਬਾਅਦ ਉਹ ਫਿਰੋਜ਼ਪੁਰ ਵਿੱਚ ਵੀ ਸ਼ਹੀਦਾਂ ਸ਼ਰਧਾਂਜਲੀ ਭੇਂਟ ਕਰਨਗੇ।
ਇਸ ਤੋਂ ਬਾਅਦ ਭਗਵੰਤ ਮਾਨ ਸਿੱਧੇ ਦਿੱਲੀ ਜੰਤਰ-ਮੰਤਰ ਲਈ ਰਵਾਨਾ ਹੋਣਗੇ। ਇੱਥੇ ਉਹ ਕੇਂਦਰ ਸਰਕਾਰ ਵਿਰੁੱਧ ਮੁਹਿੰਮ ਦੀ ਸ਼ੁਰੂਆਤ ‘ਚ ਸ਼ਾਮਲ ਹੋ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪੋਸਟਰ ਲਗਾਏ ਜਾਣ ਤੋਂ ਬਾਅਦ ਹੋਈ ਕਾਰਵਾਈ ਕਾਰਨ ਦਿੱਲੀ ‘ਚ ਇਹ ਜਨ ਸਭਾ ਕੀਤੀ ਜਾ ਰਹੀ ਹੈ।