ਰਾਜਪੁਰਾ (ਪਟਿਆਲਾ), 5 ਅਗਸਤ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਰਾਜਪੁਰਾ (Rajpura) ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਤਹਿਸੀਲਦਾਰ ਦਫ਼ਤਰ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੀ ਰਜਿਸਟਰੀ ਪ੍ਰਕਿਰਿਆ ਦਾ ਨਿਰੀਖਣ ਕੀਤਾ। ਉਨ੍ਹਾਂ ਲੋਕਾਂ ਨਾਲ ਲੰਮੀ ਗੱਲਬਾਤ ਵੀ ਕੀਤੀ, ਜਿਨ੍ਹਾਂ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨਾਗਰਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਕਾਰਜਕੁਸ਼ਲਤਾ ਲਈ ਜਨਤਕ ਫੀਡਬੈਕ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਨੂੰ ਹਰ ਸੰਭਵ ਤਰੀਕੇ ਨਾਲ ਅੱਗੇ ਵਧਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ‘ਸਰਕਾਰ ਆਪ ਦੇ ਦੁਆਰ’ ਸਕੀਮ ਸੂਬਾ ਸਰਕਾਰ ਦਾ ਇੱਕ ਵੱਡਾ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਹਰ ਘਰ ਤੱਕ ਸੇਵਾਵਾਂ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦਫਤਰਾਂ ਦੇ ਕੰਮਕਾਜ ਬਾਰੇ ਦੱਸਿਆ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਇਹ ਕਵਾਇਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਿਆਦਾਤਰ ਅਧਿਕਾਰੀ ਕੰਮ ਦੇ ਸਮੇਂ ਦੌਰਾਨ ਆਪਣੇ ਦਫ਼ਤਰਾਂ ‘ਚ ਹਾਜ਼ਰ ਰਹਿੰਦੇ ਹਨ।
ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਇਸ ਦਾ ਮਕਸਦ ਅਧਿਕਾਰੀਆਂ ਦਾ ਕੋਈ ਨੁਕਸ ਕੱਢਣਾ ਨਹੀਂ ਹੈ, ਸਗੋਂ ਇਸ ਦਾ ਮਕਸਦ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਹੈ ਕਿ ਸੂਬੇ ਦਾ ਕੋਈ ਮੁੱਖ ਮੰਤਰੀ ਸਰਕਾਰੀ ਦਫ਼ਤਰਾਂ ਦਾ ਦੌਰਾ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮੁਸਤੈਦੀ ਨਾਲ ਨਿਭਾਉਣ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਉਣ-ਜਾਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਸਰਕਾਰੀ ਦਫ਼ਤਰ, ਸਕੂਲ ਜਾਂ ਹਸਪਤਾਲ ਵਿੱਚ ਜਾ ਸਕਦੇ ਹਨ ਅਤੇ ਡਿਊਟੀ ‘ਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਦੇ ਰੋਜ਼ਾਨਾ ਦਫ਼ਤਰੀ ਦੌਰਿਆਂ ਦੌਰਾਨ ਉਨ੍ਹਾਂ ਦੇ ਕੰਮ ਬਿਨਾਂ ਕਿਸੇ ਮੁਸ਼ਕਿਲ ਦੇ ਤੁਰੰਤ ਨਿਪਟਾਏ ਜਾਣ। ਭਗਵੰਤ ਮਾਨ ਨੇ ਦੱਸਿਆ ਕਿ ਇਸ ਮੰਤਵ ਲਈ ਜ਼ਿਲ੍ਹਾ ਪੱਧਰ ‘ਤੇ ਸੀ.ਐਮ. ਵਿੰਡੋ/ਸਹਾਇਤਾ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਨਗੇ।