ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ | ਇਸ ਦੌਰਾਨ ਸ਼ਹੀਦ ਸ. ਭਗਤ ਸਿੰਘ ਦੇ ਦੇਸ਼ ਪ੍ਰਤੀ ਬੇਮਿਸਾਲ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ । ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਕਾਰੀ ਪ੍ਰੋਜੈਕਟ ‘ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ।
ਮੁੱਖ ਮੰਤਰੀ ਮਾਨ ਨੇ ਸ਼ਹੀਦ-ਏ-ਆਜ਼ਮ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੇ ਗੁਲਾਮੀ ਦੀ ਦਲਦਲ ‘ਚ ਫਸੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ 9 ਮਹੀਨਿਆਂ ‘ਚ ਪੂਰਾ ਹੋ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਪਹਿਲਕਦਮੀ ਦਾ ਉਦੇਸ਼ ਸਾਡੇ ਮਹਾਨ ਸਪੂਤ ਦੀ ਅਨਮੋਲ ਵਿਰਾਸਤ ਨੂੰ ਸੰਭਾਲਣਾ ਅਤੇ ਪ੍ਰਸਾਰਿਤ ਕਰਨਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਇਮਾਰਤੀ ਢਾਂਚਾ ਨਹੀਂ ਹੋਵੇਗਾ ਸਗੋਂ ਇੱਕ ਅਭੁੱਲ ਅਨੁਭਵ ਹੋਵੇਗਾ, ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਲਈ ਮਰ ਮਿਟਣ ਦੀ ਭਾਵਨਾ, ਬੌਧਿਕ ਸੋਚ ਅਤੇ ਦਲੇਰੀ ਦੀ ਝਲਕ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਬਣੇ ਵਿਰਾਸਤੀ ਕੰਪਲੈਕਸ ਵਿੱਚ ਇੱਕ ਵਿਸ਼ਾਲ ਥੀਮ-ਅਧਾਰਤ ਪ੍ਰਵੇਸ਼ ਦੁਆਰ ਹੋਵੇਗਾ, ਜੋ ਇਸ ਮਹਾਨ ਵਿਰਾਸਤ ਦੀ ਝਲਕ ਦਿਖਾਏਗਾ। ਉਨ੍ਹਾਂ ਕਿਹਾ ਕਿ 350 ਮੀਟਰ ਲੰਬਾ ਵਿਰਾਸਤੀ ਲਾਂਘਾ ਵੀ ਇਸ ਪ੍ਰੋਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ।
ਇਹ ਗਲਿਆਰਾ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਉਨ੍ਹਾਂ ਦੇ ਪੁਰਖਿਆਂ ਘਰ ਨਾਲ ਜੋੜੇਗਾ। ਇਹ ਲਾਂਘਾ ਬਸਤੀਵਾਦੀ ਭਾਰਤ ਯੁੱਗ ਦੌਰਾਨ ਮੂਰਤੀਆਂ, 2D/3D ਕੰਧ ਚਿੱਤਰਾਂ ਅਤੇ ਪੁਤਲਿਆਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਜੀਵਨ ਯਾਤਰਾ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਕਹਾਣੀ ਨੂੰ ਦਰਸਾਏਗਾ । ਭਗਵੰਤ ਮਾਨ ਨੇ ਕਿਹਾ ਕਿ 30 ਮੀਟਰ ਉੱਚਾ ਭਾਰਤੀ ਝੰਡਾ ਸਾਨੂੰ ਦੇਸ਼ ਦੀ ਆਜ਼ਾਦੀ ਲਈ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ।
ਉਨ੍ਹਾਂ ਕਿਹਾ ਕਿ 700 ਸੀਟਾਂ ਦੀ ਸਮਰੱਥਾ ਵਾਲਾ ਆਡੀਟੋਰੀਅਮ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਵੇਗਾ, ਜਿੱਥੇ ਸੱਭਿਆਚਾਰਕ ਪ੍ਰੋਗਰਾਮ, ਸੈਮੀਨਾਰ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲਾਇਲਪੁਰ (ਹੁਣ ਪਾਕਿਸਤਾਨ ‘ਚ) ‘ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਇੱਕ ਮਾਡਲ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਦੇ ਜੱਦੀ ਪਿੰਡ ਨੂੰ ਵੱਖ-ਵੱਖ ਦ੍ਰਿਸ਼ਾਂ ਅਤੇ ਮਾਧਿਅਮਾਂ ਰਾਹੀਂ ਦਰਸਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਉਨ੍ਹਾਂ ਦੇ ਜੱਦੀ ਘਰ ਨੂੰ ਬਹਾਲ ਅਤੇ ਸੁਰੱਖਿਅਤ ਕੀਤਾ ਜਾਵੇਗਾ, ਅਤੇ ਸ਼ਹੀਦ ਭਗਤ ਸਿੰਘ ਦੇ ਅਦਾਲਤੀ ਮੁਕੱਦਮੇ ਦਾ ਇੱਕ ਦ੍ਰਿਸ਼ ਵੀ ਬਣਾਇਆ ਜਾਵੇਗਾ, ਜੋ ਸੈਲਾਨੀਆਂ ਨੂੰ ਸਮੇਂ ‘ਚ ਵਾਪਸ ਲੈ ਜਾਵੇਗਾ ਅਤੇ ਸ਼ਹੀਦ ਦੇ ਇਨਕਲਾਬੀ ਜੋਸ਼ ਨੂੰ ਪ੍ਰਗਟ ਕਰੇਗਾ।
ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਲਾਇਬ੍ਰੇਰੀ ਨੂੰ ਆਧੁਨਿਕ ਬਣਾਇਆ ਜਾਵੇਗਾ ਅਤੇ ਡਿਜੀਟਲ ਰੂਪ ‘ਚ ਮੁੜ ਡਿਜ਼ਾਈਨ ਕੀਤਾ ਜਾਵੇਗਾ, ਜਿਸ ਨਾਲ ਪਾਠਕਾਂ ਨੂੰ ਇੱਕ ਵਿਲੱਖਣ ਅਨੁਭਵ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੈਲਾਨੀਆਂ ਲਈ ਇੱਕ ਸੁਵਿਧਾ ਕੇਂਦਰ, ਰਿਹਾਇਸ਼, ਬਗੀਚੇ, ਸੰਗੀਤਕ ਫੁਹਾਰਾ ਅਤੇ ਢੁਕਵੀਂ ਪਾਰਕਿੰਗ ਜਗ੍ਹਾ ਹੋਵੇਗੀ।
Read More: ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਵੇ: MP ਰਾਜਾ ਵੜਿੰਗ