ਚੰਡੀਗੜ੍ਹ, 12 ਦਸੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ‘ਚ ਨਿਵੇਸ਼ ਸੰਬੰਧੀ ਪੰਜਾਬ ਅਤੇ ਬਰਤਾਨੀਆ (ਯੂ.ਕੇ.) ਦਰਮਿਆਨ ਰਣਨੀਤਕ ਗੱਠਜੋੜ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਚੰਡੀਗੜ੍ਹ ਵਿਖੇ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਵਪਾਰਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ |
ਇਸ ਦੌਰਾਨ ਦੋਵਾਂ ਧਿਰਾਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ। ਭਗਵੰਤ ਮਾਨ ਨੇ ਮੋਹਾਲੀ ਨੂੰ ਵਿਸ਼ਵ ਪੱਧਰ ‘ਤੇ ਬਿਹਤਰ ਢੰਗ ਨਾਲ ਸੰਗਠਿਤ ਸ਼ਹਿਰਾਂ ‘ਚੋਂ ਇੱਕ ਦੱਸਿਆ ਅਤੇ ਨਿਰਮਾਣ ਖੇਤਰ ‘ਚ ਇੱਕ ਪਾਵਰਹਾਊਸ ਵਜੋਂ ਉਭਰਨ ਪ੍ਰਤੀ ਪੰਜਾਬ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਪੰਜਾਬ ਦੇ ਵਿਦਿਆਰਥੀਆਂ ਦੀ ਕਾਨੂੰਨੀ ਅਤੇ ਸੁਰੱਖਿਅਤ ਤਰੀਕਿਆਂ ਰਾਹੀਂ ਯੂ.ਕੇ. ‘ਚ ਮੌਕੇ ਤਲਾਸ਼ਣ ਦੀ ਉਤਸੁਕਤਾ ਨੂੰ ਵੇਖਦਿਆਂ ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਮੁੱਖ ਮੰਤਰੀ ਮਾਨ ਨੇ ਗੈਂਗਸਟਰਾਂ ਵਰਗੀਆਂ ਕੌਮਾਂਤਰੀ ਚੁਣੌਤੀਆਂ ਬਾਰੇ ਕਿਹਾ ਕਿ ਅਜਿਹੇ ਮੁੱਦੇ ਸਰਹੱਦਾਂ ਦੇ ਬੰਧਨ ਤੋਂ ਪਰ੍ਹੇ ਹੁੰਦੇ ਹਨ ਅਤੇ ਪੰਜਾਬ ਕਾਨੂੰਨੀ ਮਾਮਲਿਆਂ ਤੇ ਕਿਸੇ ਵੀ ਲੋੜੀਂਦੀ ਸਹਾਇਤਾ ਬਾਰੇ ਯੂ.ਕੇ. ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਸੀਐੱਮ ਮਾਨ ਨੇ ਯੂ.ਕੇ. ਦੀਆਂ ਕੰਪਨੀਆਂ ਦਾ ਸਵਾਗਤ ਕਰਦੇ ਹੋ ਪੰਜਾਬ ਨੂੰ ਨਿਵੇਸ਼ਕਾਂ ਲਈ ਪਸੰਸਦੀਦਾ ਸਥਾਨ ਵਜੋਂ ਉਜਾਗਰ ਕੀਤਾ। ਭਗਵੰਤ ਮਾਨ ਨੇ ਪੰਜਾਬੀ ਪਰਵਾਸੀ ਭਾਈਚਾਰੇ ਨੇ ਦੁਨੀਆ ਭਰ ‘ਚ ਆਪਣੀ ਛਾਪ ਛੱਡੀ ਹੈ। ਉਨ੍ਹਾਂ ਨੇ ਨਿਵੇਸ਼ ਲਈ ਮੁੱਖ ਖੇਤਰਾਂ ਦੀ ਪਛਾਣ ਕੀਤੀ, ਜਿਸ ‘ਚ ਵੱਖ-ਵੱਖ ਖੇਤਰਾਂ ਸਮੇਤ ਖੇਤੀਬਾੜੀ ਮਸ਼ੀਨਰੀ, ਫੂਡ ਪ੍ਰੋਸੈਸਿੰਗ ਅਤੇ ਆਈ.ਟੀ. ਸ਼ਾਮਲ ਹਨ।
ਮੁੱਖ ਮੰਤਰੀ ਮਾਨ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਦੇ ਮਜ਼ਬੂਤ ਨਿਵੇਸ਼ ਈਕੋਸਿਸਟਮ ਰਾਹੀਂ ਵਾਜਬ ਬਿਜਲੀ ਦਰਾਂ, ਸਹੂਲਤਾਂ ਅਤੇ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਰੋਬਾਰ ਕਰਨ ‘ਚ ਸੌਖ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਸੂਬੇ ਦਾ ਸਿੰਗਲ ਵਿੰਡੋ ਸਿਸਟਮ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ, ਰਾਈਟ ਟੂ ਬਿਜ਼ਨਸ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਮੁੱਖ ਮੰਤਰੀ ਮਾਨ ਨੇ ਵਫ਼ਦ ਨੂੰ ਮਾਰਚ ਮਹੀਨੇ ਦੌਰਾਨ ਮੋਹਾਲੀ ਵਿਖੇ ਹੋਣ ਵਾਲੇ ਪੰਜਾਬ ਨਿਵੇਸ਼ਕ ਸੰਮੇਲਨ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਨੂੰ “ਮੌਕਿਆਂ ਦੀ ਧਰਤੀ” ਵਜੋਂ ਦਰਸਾਇਆ, ਜਿੱਥੇ ਵਿਸ਼ਵ-ਪ੍ਰਸਿੱਧ ਕੰਪਨੀਆਂ ਆਪਣੇ ਵਪਾਰ ਦਾ ਵਿਸਥਾਰ ਕਰਨ ਲਈ ਉਤਸੁਕ ਹਨ, ਜੋ ਕਿ ਪੰਜਾਬ ਦੀ ਸਥਿਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਮੋਹਾਲੀ ਦੁਨੀਆ ਦੀ “ਅਗਲੀ ਸਿਲੀਕਾਨ ਵੈਲੀ” ਹੋਵੇਗੀ ਕਿਉਂਕਿ ਇਥੇ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੋਹਾਲੀ ਵਿਖੇ ਇੱਕ ਕੌਮਾਂਤਰੀ ਹਵਾਈ ਅੱਡਾ ਸਥਿਤ ਹੈ ਅਤੇ ਇਸ ਦੇ 100 ਕਿਲੋਮੀਟਰ ਦੇ ਘੇਰੇ ‘ਚ ਵੱਡੇ ਪੱਧਰ ‘ਤੇ ਹੁਨਰਮੰਦ ਅਤੇ ਪ੍ਰਤਿਭਾਸ਼ੀਲ ਕਾਰਜਬਲ ਮੌਜੂਦ ਹੈ, ਜੋ ਇਸਨੂੰ ਨਿਵੇਸ਼ ਲਈ ਬਿਹਤਰੀਨ ਸਥਾਨ ਬਣਾਉਂਦਾ ਹੈ। ਉਨ੍ਹਾਂ ਨੇ ਵਫ਼ਦ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਪੜਚੋਲ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ, ਯੂ.ਕੇ. ਦੇ ਡਿਪਟੀ ਹਾਈ ਕਮਿਸ਼ਨਰ ਨੇ ਪਰਵਾਸੀ ਪੰਜਾਬੀਆਂ ਦੀ ਸਮਰੱਥਾ ਅਤੇ ਉਨ੍ਹਾਂ ਕੋਲ ਜੱਦੀ ਧਰਤੀ ‘ਤੇ ਨਿਵੇਸ਼ ਲਈ ਉਪਲਬਧ ਵਿਆਪਕ ਫੰਡਾਂ ਬਾਰੇ ਗੱਲ ਕੀਤੀ। ਮੁੱਖ ਖੇਤਰਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਿਵੇਸ਼ ਪੱਖੀ ਮਾਹੌਲ ਬਾਰੇ ਜਾਣਕਾਰੀ ਦਿੱਤੀ ਅਤੇ ਮੌਕਿਆਂ ਦੀ ਪੜਚੋਲ ਕਰਨ ਲਈ ਪੰਜਾਬ ਦੇ ਦੌਰੇ ਕਰਨ ਦੀ ਬੇਨਤੀ ਕੀਤੀ। ਪੰਜਾਬ ਅਤੇ ਯੂ.ਕੇ. ਦੋਵਾਂ ਨੇ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਆਪਸੀ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਲਈ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ।
Read More: ਪੰਜਾਬ ਸਰਕਾਰ ਵੱਲੋਂ ਟੋਇਟਾ ਦੀ ਸਟੀਲ ਕੰਪਨੀ ਆਈਚੀ ਸਟੀਲ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ




