ਚੰਡੀਗੜ੍ਹ, 08 ਅਗਸਤ 2024: ਪੰਜਾਬ ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Delhi Airport) ‘ਤੇ ਜਾਣ ਵਾਲੇ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਇੱਕ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ। ਇਹ ਸਹਾਇਤਾ ਕੇਂਦਰ 24 ਘੰਟੇ ਸਹੂਲਤਾਂ ਪ੍ਰਦਾਨ ਕਰੇਗਾ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ।
ਇਹ ਆਈਜੀਆਈ ਏਅਰਪੋਰਟ ਟਰਮੀਨਲ-3, ਨਵੀਂ ਦਿੱਲੀ ਵਿਖੇ ਸਥਾਪਿਤ ਕੀਤਾ ਹੈ। ਪੰਜਾਬ ਸਰਕਾਰ ਅਤੇ GMR, ਨਵੀਂ ਦਿੱਲੀ ਵਿਚਕਾਰ 12 ਜੂਨ, 2024 ਨੂੰ ਦੋ ਸਾਲਾਂ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।
ਇਸ ਸਹਾਇਤਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ (Delhi Airport) ‘ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਕੇਂਦਰ ‘ਚ 2 ਇਨੋਵਾ ਕਾਰਾਂ ਹੋਣਗੀਆਂ ਜੋ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਕ ਆਵਾਜਾਈ ‘ਚ ਮੱਦਦ ਕਰਨ ਲਈ ਉਪਲਬੱਧ ਹੋਣਗੀਆਂ।
ਇਸ ਸੁਵਿਧਾ ਕੇਂਦਰ ਤੋਂ ਯਾਤਰੀ/ਰਿਸ਼ਤੇਦਾਰ ਹਵਾਈ ਅੱਡੇ ‘ਤੇ ਲਾਈਟਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਦੀਆਂ ਸਹੂਲਤਾਂ ਅਤੇ ਹੋਰ ਲੋੜੀਂਦੀ ਸਹਾਇਤਾ ਲਈ ਮੱਦਦ ਲੈ ਸਕਦੇ ਹਨ। ਐਮਰਜੈਂਸੀ ਦੀ ਸਥਿਤੀ ‘ਚ ਉਪਲਬੱਧਤਾ ਦੇ ਅਧੀਨ, ਪੰਜਾਬ ਭਵਨ, ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਉਪਲਬੱਧ ਕਰਵਾਏ ਜਾਣਗੇ। ਸਹਾਇਤਾ ਕੇਂਦਰ ਨੰਬਰ (011-61232182) ਜਾਰੀ ਕੀਤਾ ਗਿਆ ਹੈ, ਜਿਸ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ ਕਰ ਸਕਦੇ ਹਨ।