ਚੰਡੀਗੜ੍ਹ, 5 ਅਪ੍ਰੈਲ 2024: ਮੁੱਖ ਮੰਤਰੀ ਭਗਵੰਤ ਮਾਨ ਨੇ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ। ‘ਆਪ’ ਪੰਜਾਬ ਪ੍ਰਧਾਨ ਨੇ ਇਨ੍ਹਾਂ ਹਲਕਿਆਂ ਦੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਈ ਅਤੇ ਉਸ ਫੀਡਬੈਕ ਦੇ ਆਧਾਰ ‘ਤੇ ਚੋਣ ਰਣਨੀਤੀ ‘ਤੇ ਚਰਚਾ ਕੀਤੀ।
ਪਹਿਲੀ ਬੈਠਕ ਵਿੱਚ ਸੀਐਮ ਭਗਵੰਤ ਮਾਨ ਨੇ ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ, ‘ਆਪ’ ਆਗੂ ਦੀਪਕ ਬਾਲੀ, ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ (ਵਿਧਾਇਕ ਗੜ੍ਹਸ਼ੰਕਰ), ਸੰਤੋਸ਼ ਕਟਾਰੀਆ (ਵਿਧਾਇਕ ਬਲਾਚੌਰ), ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (ਐਮ.ਐਲ.ਏ.ਆਨੰਦਪੁਰ ਸਾਹਿਬ) , ਦਿਨੇਸ਼ ਚੱਢਾ (ਵਿਧਾਇਕ ਰੂਪਨਗਰ), ਡਾ.ਚਰਨਜੀਤ ਸਿੰਘ (ਵਿਧਾਇਕ ਚਮਕੌਰ ਸਾਹਿਬ), ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (ਐਮ.ਐਲ.ਏ. ਖਰੜ) ਅਤੇ ਕੁਲਵੰਤ ਸਿੰਘ (ਐਮ.ਐਲ.ਏ. ਐਸ.ਏ.ਐਸ. ਨਗਰ) ਨਾਲ ਮੁਲਾਕਾਤ ਕੀਤੀ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਇੱਕ ਅਹਿਮ ਬੈਠਕ ਕੀਤੀ। ਉਨ੍ਹਾਂ ਸਾਰੇ ਆਗੂਆਂ ਤੋਂ ਫੀਡਬੈਕ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਹਾਸਲ ਕਰੇਗੀ।
ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਈ ਪੰਜਾਬ ਪੱਖੀ ਅਤੇ ਲੋਕ ਪੱਖੀ ਫੈਸਲੇ ਲਏ ਗਏ ਹਨ। ਪੰਜਾਬ ਦੇ 90% ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲ ਰਿਹਾ ਹੈ, ਗਰੀਬਾਂ ਲਈ ਮੁਫਤ ਮੁਹੱਲਾ ਕਲੀਨਿਕ ਅਤੇ ਚੰਗੇ ਸਕੂਲ ਹਨ, ਜਿੱਥੇ ਸਾਡੇ ਬੱਚੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਮਾਫੀਆ ਰਾਜ, ਡਰੱਗ ਮਾਫੀਆ, ਰੇਤ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ।
ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਨੂੰ ਆਪਣਾ ਸਕਾਰਾਤਮਕ ਏਜੰਡਾ ਲੋਕਾਂ ਤੱਕ ਪਹੁੰਚਾਉਣ, ਸਾਡੀ ਸਰਕਾਰ ਵੱਲੋਂ ਆਮ ਲੋਕਾਂ ਅਤੇ ਸੂਬੇ ਦੀ ਭਲਾਈ ਲਈ ਲਏ ਗਏ ਸਾਰੇ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ। ਸਾਡੇ ਉਸਾਰੂ ਏਜੰਡੇ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੀ ਪਵਿੱਤਰ ਧਰਤੀ ‘ਤੇ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ ਅਤੇ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ‘ਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤੇਗੀ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦੀਆਂ ਵਿਸ਼ੇਸ਼ ਹਦਾਇਤਾਂ ਹਨ ਕਿ ਜਿਸ ਤਰ੍ਹਾਂ ਪਿਛਲੇ ਦੋ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਨੇ ਲੋਕ ਹਿੱਤਾਂ ਲਈ ਫੈਸਲੇ ਲਏ ਹਨ, ਪਾਰਟੀ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਅਤੇ ਸਾਡੀਆਂ ਸਾਰੀਆਂ ਚੋਣ ਗਾਰੰਟੀਆਂ ਨੂੰ ਪੂਰਾ ਕਰੇਗੀ। ਕੰਗ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆਪਣੀਆਂ ਬਹੁਤੀਆਂ ਗਾਰੰਟੀਆਂ ਪਹਿਲਾਂ ਹੀ ਪੂਰੀਆਂ ਕਰ ਚੁੱਕੇ ਹਾਂ ਇਸ ਲਈ ਲੋਕ ਜਾਣਦੇ ਹਨ ਕਿ ਅਸੀਂ ਜੋ ਵਾਅਦਾ ਕਰਦੇ ਹਾਂ, ਉਹ ਪੂਰਾ ਕਰਦੇ ਹਾਂ। ‘ਆਪ’ ਆਗੂ ਨੇ ਕਿਹਾ ਕਿ ਆਨੰਦਪੁਰ ਸਾਹਿਬ ਦੇ ਸਾਰੇ ਮਸਲੇ ਭਾਵੇਂ ਇਸ ਖੇਤਰ ਵਿੱਚ ਸੈਰ-ਸਪਾਟਾ ਹੋਣ ਜਾਂ ਬੁਨਿਆਦੀ ਢਾਂਚਾ ਜਾਂ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਹੋਵੇ, ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚਾਇਆ ਜਾਵੇਗਾ।
ਕੰਗ ਨੇ ਕਿਹਾ ਕਿ ਸਾਰੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦੇ ਨਾਲ-ਨਾਲ ਦੇਸ਼ ‘ਤੇ ਵੀ ਰਾਜ ਕੀਤਾ ਹੈ। ਉਹ ਮੈਨੀਫੈਸਟੋ ਜਾਰੀ ਕਰਦੇ ਹਨ, ਪਹਿਲਾਂ ਉਨ੍ਹਾਂ ਨੂੰ ਚੋਣ ਵਾਅਦੇ ਕਹਿੰਦੇ ਹਨ, ਹੁਣ ਉਨ੍ਹਾਂ ਨੂੰ ਗਾਰੰਟੀ ਕਹਿੰਦੇ ਹਨ ਪਰ ਸਭ ਜਾਣਦੇ ਹਨ ਕਿ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਹੀ ਪੂਰੀਆਂ ਹੁੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ, ਇਨ੍ਹਾਂ ਵਿੱਚੋਂ ਕਿਸੇ ਦੀ ਵੀ ਪੰਜਾਬ ਦੇ ਲੋਕਾਂ ਵਿੱਚ ਕੋਈ ਸਾਖ ਨਹੀਂ ਹੈ। ਪੰਜਾਬ ਦੇ ਲੋਕ ਇੱਥੇ ਭਾਜਪਾ ਦੀ ਨਫਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ।
ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ 2 ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਮਾਨ ਸਰਕਾਰ ਵੱਲੋਂ 2 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਸ੍ਰੀ ਆਨੰਦਪੁਰ ਸਾਹਿਬ ਸੀਟ ਹੀ ਨਹੀਂ ਬਲਕਿ ਪੰਜਾਬ ਦੀਆਂ ਸਾਰੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣਗੇ। ਸਾਡੀ ਸਰਕਾਰ ਖਣਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕੰਮ ਕਰ ਰਹੀ ਹੈ। ਮਾਨ ਸਰਕਾਰ ਨੇ ਸਾਡੇ ਲੋਕਾਂ ਅਤੇ ਸਾਡੇ ਸੂਬੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਕਦੇ ਵੀ ਕਰੇਗੀ।
ਦੂਜੀ ਬੈਠਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ ਅਤੇ ਵਿਧਾਇਕ ਅਜਨਾਲਾ) ਨਾਲ ਮੁਲਾਕਾਤ ਕੀਤੀ। ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਿਧਾਇਕ ਅੰਮ੍ਰਿਤਸਰ ਪੱਛਮੀ (ਐਸ.ਸੀ.) ਜਸਬੀਰ ਸਿੰਘ ਸੰਧੂ, ਵਿਧਾਇਕ ਅੰਮ੍ਰਿਤਸਰ ਕੇਂਦਰੀ ਅਜੇ ਗੁਪਤਾ, ਵਿਧਾਇਕ ਅੰਮ੍ਰਿਤਸਰ ਪੂਰਬੀ ਜੀਵਨ ਜੋਤ ਕੌਰ ਅਤੇ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰਮੌਜੂਦ ਸਨ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਬਦਲਵੇਂ ਢੰਗ ਨਾਲ ਜਿੱਤਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਹੈ ਅਤੇ ਅਸੀਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਅੰਮ੍ਰਿਤਸਰ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਵਾਂਗੇ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਈ ਵਾਰ ਅੰਮ੍ਰਿਤਸਰ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦਾ ਮੁੱਦਾ ਉਠਾਇਆ ਸੀ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਕਾਰੋਬਾਰ ਵਧੇ ਅਤੇ ਸਾਡੀਆਂ ਵਸਤਾਂ ਸਾਰੇ ਏਸ਼ੀਆਈ ਦੇਸ਼ਾਂ ਵਿੱਚ ਵਿਕਣ। ਜਿੱਤਣ ਤੋਂ ਬਾਅਦ ਉਦਯੋਗ ਅਤੇ ਵਪਾਰ ਮੇਰੀ ਤਰਜੀਹ ਹੋਵੇਗੀ। ਡਾ:ਮ ਮਨਮੋਹਨ ਸਿੰਘ ਦੇ ਸਮੇਂ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀ ਮਿਲੀ, ਜਿਸ ਨੂੰ ਬਾਦਲ ਬਠਿੰਡਾ ਲੈ ਗਏ। ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਵੀ ਬਣਾਵਾਂਗੇ।
ਆਪਣੇ ਵਿਰੋਧੀਆਂ ਬਾਰੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਿਰਫ਼ ਉਨ੍ਹਾਂ ਦੇ ਪਰਿਵਾਰ ਦਾ ਨਾਂ ਖਰਾਬ ਕਰ ਰਿਹਾ ਹੈ। ਅੱਜ ਸੰਧੂ ਸਾਹਬ ਸਾਡੇ ਕਿਸਾਨਾਂ ਦੇ ਕਾਤਲਾਂ ਨਾਲ ਖੜੇ ਹਨ। 3 ਸਾਲ ਵੀ ਨਹੀਂ ਹੋਏ। ਦਿੱਲੀ ਦੀਆਂ ਸਰਹੱਦਾਂ ‘ਤੇ 740 ਕਿਸਾਨ ਸ਼ਹੀਦ ਹੋਏ ਸਨ।
ਉਨ੍ਹਾਂ ਅੱਗੇ ਕਿਹਾ ਕਿ ਸੰਧੂ 10 ਸਾਲ ਅਮਰੀਕਾ ਦੇ ਰਾਜਦੂਤ ਰਹੇ, ਉਹ ਸਭ ਤੋਂ ਵੱਡੇ ਰਾਜਦੂਤ ਸਨ ਅਤੇ ਉਨ੍ਹਾਂ ਕੋਲ ਬਹੁਤ ਸ਼ਕਤੀ ਸੀ। ਉਹ ਹੁਣ ਭਾਜਪਾ ਲਈ ਚੋਣ ਲੜਨ ਲਈ ਆ ਗਏ ਹਨ। ਪਹਿਲਾਂ ਨਵਜੋਤ ਸਿੱਧੂ, ਫਿਰ ਅਰੁਣ ਜੇਤਲੀ, ਫਿਰ ਹਰਦੀਪ ਪੁਰੀ ਅਤੇ ਹੁਣ ਸੰਧੂ ਲਿਆਏ ਹਨ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਗੁਰੂ ਕੀ ਨਗਰੀ ਦੇ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਇਹ ਲੋਕ ਹਰ ਚੋਣ ਵਿੱਚ ਨਵਾਂ ਉਮੀਦਵਾਰ ਲੈ ਕੇ ਆਉਂਦੇ ਹਨ ਅਤੇ ਨਵੇਂ ਬਹਾਨੇ ਘੜਦੇ ਹਨ। ਨਾ ਤਾਂ ਨਵਜੋਤ ਸਿੱਧੂ, ਅਰੁਣ ਜੇਤਲੀ ਅਤੇ ਹਰਦੀਪ ਪੁਰੀ ਨੇ ਕੁਝ ਕੀਤਾ ਅਤੇ ਨਾ ਹੀ ਤਰਨਜੀਤ ਸਿੰਘ ਸੰਧੂ ਕੁਝ ਕਰਨਗੇ। ਅੰਮ੍ਰਿਤਸਰ ਹੀ ਨਹੀਂ ਪੂਰਾ ਪੰਜਾਬ ਭਾਜਪਾ ਦੇ ਖਿਲਾਫ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਉਨ੍ਹਾਂ ਆਗੂਆਂ ਨੂੰ ਹੀ ਵੋਟ ਪਾਉਣਗੇ ਜੋ ਉਨ੍ਹਾਂ ਵਿੱਚ 24×7 ਮੌਜੂਦ ਹੋਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਕਈ ਸੰਕਟਾਂ ‘ਤੇ ਕਾਬੂ ਪਾਇਆ ਹੈ ਅਤੇ ਇਸ ਵਾਰ ਵੀ ਅਸੀਂ ਪੰਜਾਬ ‘ਚ ਸਭ ਤੋਂ ਮਜ਼ਬੂਤ ਫਰੰਟ ਬਣ ਕੇ ਉਭਰਾਂਗੇ ਅਤੇ ਸਾਰੀਆਂ ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ | ਉਨ੍ਹਾਂ ਅਖ਼ੀਰ ਵਿੱਚ ਕਿਹਾ ਕਿ ਮਾਨ ਸਾਹਿਬ ਨੇ ਸਾਨੂੰ ਆਪਣੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਲੋਕਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਗੱਲ ਕਰਨ ਦੀ ਸਲਾਹ ਵੀ ਦਿੱਤੀ।