ਚੰਡੀਗੜ੍ਹ, 18 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ (BOI) ‘ਚ 144 ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ । ਇਸ ਮੌਕੇ ਮੁੱਖ ਮੰਤਰੀ ਨੇ ਇਨ੍ਹਾਂ ਨਵੇਂ-ਨਿਯੁਕਤ ਨੌਜਵਾਨ ਮੁੰਡੇ-ਕੁੜੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਜੇਕਰ ਪੰਜਾਬ ਦਾ ਨੌਜਵਾਨ ਖੁਸ਼ ਹੈ ਤਾਂ ਪੂਰਾ ਦੇਸ਼ ਖੁਸ਼ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੀ ਸਰਕਾਰ ਵੱਲੋਂ 29273 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਪੁਲਿਸ ‘ਚ ਸਿਵਲ ਭਰਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪੰਜਾਬ ਪੁਲਿਸ ਲਈ ਵੀ ਅਹਿਮ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਅਪਡੇਟ ਰਹਿਣਾ ਅੱਜ ਦੇ ਜ਼ਮਾਨੇ ਦੀ ਮੰਗ ਹੈ ਕਿਉਂਕਿ ਜੇਕਰ ਇਹ ਅਪਡੇਟ ਨਹੀਂ ਹੋਵੇਗੀ ਤਾਂ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕਿਵੇਂ ਕਰੇਗੀ। ਪੰਜਾਬ ਪੁਲਿਸ ਦੇ ਜੇਕਰ ਜਾਂਚ ਦੇ ਤਰੀਕੇ ਪੁਰਾਣੇ ਰਹੇ ਤਾਂ ਅਸੀਂ ਕਾਫੀ ਪਿੱਛੜ ਜਾਵਾਂਗੇ। ਪੰਜਾਬ ਪੁਲਿਸ ਦੇਸ਼ ਦੇ ਨੰਬਰ ਵਨ ਪੁਲਿਸ ਦੇ ਸਥਾਨ ‘ਤੇ ਆਉਂਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਪੁਲਿਸ ਨੂੰ ਪੂਰੀ ਸੂਚਨਾ, ਸਹੀ ਦਿਸ਼ਾ-ਨਿਰਦੇਸ਼ ਅਤੇ ਨਵੀਂ ਤਕਨਾਲੋਜੀ ਮਿਲੇ।