ਮਲੇਰਕੋਟਲਾ, 18 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਮਰਗੜ੍ਹ ਅਤੇ ਅਹਿਮਦਗੜ੍ਹ ਸਬ-ਡਿਵੀਜ਼ਨਾਂ ‘ਚ ਨਵੇਂ ਬਣੇ ਤਹਿਸੀਲ ਕੰਪਲੈਕਸ ਜਨਤਾ ਨੂੰ ਸਮਰਪਿਤ ਕੀਤੇ ਅਤੇ ਮਲੇਰਕੋਟਲਾ (Malerkotla) ਜ਼ਿਲ੍ਹੇ ਦੇ ਲੋਕਾਂ ਨੂੰ 13 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ ਹੈ।
ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਾ ਦਾ ਇੱਕ-ਇੱਕ ਪੈਸਾ ਲੋਕ ਭਲਾਈ ‘ਤੇ ਖਰਚ ਕਰਨ ਲਈ ਵਚਨਬੱਧ ਹੈ ਅਤੇ ਅਮਰਗੜ੍ਹ ਅਤੇ ਅਹਿਮਦਗੜ੍ਹ ਨੂੰ ਦਿੱਤਾ ਇਹ ਤੋਹਫ਼ਾ ਇਸੇ ਸੰਕਲਪ ਦਾ ਹਿੱਸਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਮਰਗੜ੍ਹ ‘ਚ ਤਹਿਸੀਲ ਕੰਪਲੈਕਸ ਦੇ ਨਿਰਮਾਣ ‘ਤੇ 6 ਕਰੋੜ 36 ਲੱਖ ਰੁਪਏ ਦੀ ਲਾਗਤ ਆਈ ਹੈ, ਜਦੋਂ ਕਿ ਅਹਿਮਦਗੜ੍ਹ ‘ਚ ਤਹਿਸੀਲ ਕੰਪਲੈਕਸ ਦੀ ਇਮਾਰਤ ‘ਤੇ 6 ਕਰੋੜ 86 ਲੱਖ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਮਰਗੜ੍ਹ ‘ਚ ਤਹਿਸੀਲ ਕੰਪਲੈਕਸ 27 ਹਜ਼ਾਰ ਸੁਕੈਅਰ ਫੁੱਟ ਦੇ ਰਕਬੇ ‘ਚ ਬਣਾਇਆ ਗਿਆ ਹੈ, ਜਿਸ ‘ਚ ਐਸਡੀਐਮ ਦਫ਼ਤਰ, ਅਦਾਲਤੀ ਕਮਰਾ, ਵੱਡਾ ਹਾਲ, 26 ਕੈਬਿਨ ਅਤੇ ਹੋਰ ਦਫ਼ਤਰ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਹਿਮਦਗੜ੍ਹ ਦਾ ਨਵਾਂ ਤਹਿਸੀਲ ਕੰਪਲੈਕਸ ਆਧੁਨਿਕ ਸਹੂਲਤਾਂ ਨਾਲ ਲੈਸ 2.39 ਏਕੜ ਦੇ ਰਕਬੇ ‘ਚ ਤਿੰਨ ਮੰਜ਼ਿਲਾਂ ‘ਚ ਬਣਾਇਆ ਗਿਆ ਹੈ। ਇਸ ਇਮਾਰਤ ‘ਚ ਐਸਡੀਐਮ ਕੋਰਟ ਰੂਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰ ਖਾਨਾ, ਸਟਾਫ ਰੂਮ, ਰਜਿਸਟ੍ਰੇਸ਼ਨ ਕਾਊਂਟਰ ਅਤੇ ਹੋਰ ਵਿਭਾਗਾਂ ਦੇ ਦਫ਼ਤਰ ਸਥਿਤ ਹਨ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਦਿਵੀਆਂਗ ਦੀ ਸਹੂਲਤ ਲਈ ਰੈਂਪ ਅਤੇ ਲਿਫਟਾਂ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਹਨ, ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਪ੍ਰਸ਼ਾਸਕੀ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਇਨ੍ਹਾਂ ਦਫ਼ਤਰਾਂ ਵਿੱਚ ਹਰ ਰੋਜ਼ ਆਪਣੇ ਕੰਮ ਲਈ ਆਉਂਦੇ ਹਨ, ਇਸ ਲਈ ਉਨ੍ਹਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਇਨ੍ਹਾਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਇਮਾਰਤਾਂ ਦੀ ਯੋਜਨਾ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਬਣਾਈ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਅਜਿਹੇ ਲੋਕ-ਮੁਖੀ ਕੰਮਾਂ ਦੀ ਪਰਵਾਹ ਨਹੀਂ ਕੀਤੀ।
Read More: CM ਭਗਵੰਤ ਮਾਨ ਨੇ ਪੁਲਿਸ ਅਧਿਕਾਰੀ ਤੋਂ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਮੰਗੀ ਰਿਪੋਰਟ