ਚੰਡੀਗੜ੍ਹ, 16 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਚੰਡੀਗੜ੍ਹ ਦੇ ਸੈਕਟਰ-35 ਵਿਖੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 33.83 ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਵਿੱਚ ਸ਼ੂਟਰ ਡਾ: ਸਿਫ਼ਤ ਕੌਰ ਸਮੇਤ ਕਈ ਨਾਮ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ। ਇਸਦੇ ਨਾਲ ਹੀ ਕਿਹਾ ਕਿ ਖਿਡਾਰੀਆਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਦਾ 40 ਫੀਸਦੀ ਕੋਚਾਂ ਨੂੰ ਦਿੱਤਾ ਜਾਵੇਗਾ।
ਮੁੱਖ ਮੰਤਰੀ (Bhagwant Mann) ਨੇ ਕਿਹਾ ਕਿ ਜੋ ਵਿਅਕਤੀ ਸਫ਼ਲ ਹੁੰਦਾ ਹੈ, ਉਹ ਉਸ ਖੇਤਰ ਵਿੱਚ ਰੋਲ ਮਾਡਲ ਬਣ ਜਾਂਦਾ ਹੈ। ਪਰ, ਸਾਡੀ ਸਰਕਾਰ ਨੇ ਹੁਣ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਲਈ 8 ਲੱਖ ਰੁਪਏ ਦਿੱਤੇ ਹਨ, ਜਦੋਂ ਕਿ ਹੁਣ ਉਹ ਓਲੰਪਿਕ ਲਈ 15 ਲੱਖ ਰੁਪਏ ਦੇ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿੱਚੋਂ ਕੋਈ ਰਾਹੁਲ ਗਾਂਧੀ, ਕੋਈ ਮਜੀਠੀਆ, ਕੋਈ ਹਰਸਿਮਰਤ ਕੌਰ ਦੇ ਕੋਟੇ ਤੋਂ ਬਣੇ ਹਨ, ਪਰ ਮੈਂ ਹੀ ਅਜਿਹਾ ਆਗੂ ਹਾਂ ਜੋ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੇ ਕੋਟੇ ਵਿੱਚੋਂ ਬਣਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਆਗੂ ਅੱਜਕਲ ਦਾਅਵਾ ਕਰਦੇ ਹਨ ਕਿ ਉਹ ਪੰਜਾਬ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਪੰਜਾਬ ਨੂੰ ਕਿਸ ਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 20 ਮਹੀਨੇ ਹੀ ਹੋਏ ਹਨ। ਅਜਿਹੇ ਵਿੱਚ ਦੱਸੋ ਪੰਜਾਬ ਨੂੰ ਕਿਸਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂ ਆਪਣੀਆਂ ਵੱਡੀਆਂ-ਛੋਟੀਆਂ ਰੈਲੀਆਂ ਕਰਕੇ ਪਾਰਟੀ ਆਲਾਕਮਾਨ ਨਾਲ ਸੁਰਖੀਆਂ ਵਿੱਚ ਹਨ।