CM Bhagwant Mann

CM ਭਗਵੰਤ ਮਾਨ ਵੱਲੋਂ ਖੇਤੀ ਵਿਗਿਆਨੀਆਂ ਤੇ ਮਾਹਰਾਂ ਨੂੰ ਫ਼ਸਲੀ ਵਿਭਿੰਨਤਾ ਸੰਬੰਧੀ ਕਿਸਾਨਾਂ ਨੂੰ ਸੇਧ ਦੇਣ ਦੀ ਅਪੀਲ

ਲੁਧਿਆਣਾ, 12 ਨਵੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਅੱਜ ਵਿਸ਼ਵ ਭਰ ਦੇ ਖੇਤੀ ਵਿਗਿਆਨੀਆਂ ਅਤੇ ਮਾਹਰਾਂ ਨੂੰ ਕਿਸਾਨਾਂ ਦੇ ਮਾਰਗ ਦਰਸ਼ਕ ਬਣਨ ਅਤੇ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ।

ਸੀਐੱਮ ਭਗਵੰਤ ਮਾਨ ਨੇ ਪੀ.ਏ.ਯੂ ਜਲਵਾਯੂ ਅਤੇ ਊਰਜਾ ਪਰਿਵਰਤਨ ਦੇ ਮੱਦੇਨਜ਼ਰ ਟਰਾਂਸਫਾਰਮਿੰਗ ਐਗਰੀਫੂਡ ਸਿਸਟਮਜ਼ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ‘ਤੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਖਾਸ ਕਰਕੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਪੰਜਾਬ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਇਸ ਨੂੰ ਹੱਲ ਕਰਨ ਦੀ ਫੌਰੀ ਲੋੜ ਹੈ।

ਸੀਐੱਮ ਮਾਨ ਨੇ ਕਿਹਾ ਕਿ ਟਿਕਾਊ ਖੇਤੀ ਅਤੇ ਉੱਚ ਉਤਪਾਦਨ ਦੇ ਨਾਲ-ਨਾਲ ਮਿੱਟੀ ਦੀ ਪੌਸ਼ਟਿਕ ਸਮਰੱਥਾ ਵਧਾਉਣ ਲਈ ਫ਼ਸਲਾਂ ਦੀ ਵਿਭਿੰਨਤਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਅੰਤਰਰਾਸ਼ਟਰੀ ਕਾਨਫਰੰਸ ‘ਚ ਹਾਜ਼ਰ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ‘ਚ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਸੇਧ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ।

ਮੁੱਖ ਮੰਤਰੀ ਮਾਨ (CM Bhagwant Mann) ਨੇ ਕਿਹਾ ਕਿ ਇਹ ਵਿਗਿਆਨੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਖੇਤੀ ਸੈਕਟਰ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਟਿਕਾਊ ਖੇਤੀ ਅਭਿਆਸਾਂ ਨੂੰ ਅਪਣਾਉਣ ਲਈ ਸਾਡੇ ਕਿਸਾਨਾਂ ਦਾ ਮਾਰਗਦਰਸ਼ਨ ਕਰਨ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਨੂੰ ਨੱਥ ਪਾਉਣ ਦੀ ਲੋੜ ਹੈ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸੀਐੱਮ ਮਾਨ ਨੇ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਿਨਾਂ ਸ਼ੱਕ ਇਸ ਲਈ ਸਾਨੂੰ ਜ਼ਿੰਮੇਵਾਰ ਠਹਿਰਾਉਣਗੀਆਂ।

ਸੀਐੱਮ ਮਾਨ ਨੇ ਕਿਹਾ ਕਿ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸਰਗਰਮ ਕਦਮ ਚੁੱਕਣ ਦੀ ਲੋੜ ਹੈ। ਇਸ ਸੰਦਰਭ ‘ਚ ਹੈਰਾਨ ਕਰਨ ਵਾਲੇ ਅਤੇ ਚਿੰਤਾਜਨਕ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਕਿਲੋ ਚੌਲ ਉਗਾਉਣ ਲਈ 3000 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਅਤੇ ਉਹੀ ਮੋਟਰਾਂ ਜੋ ਖਾੜੀ ਦੇਸ਼ਾਂ ‘ਚ ਪੈਟਰੋਲ ਕੱਢਣ ਲਈ ਵਰਤੀਆਂ ਜਾਂਦੀਆਂ ਹਨ, ਪੰਜਾਬ ‘ਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਵਰਤੀਆਂ ਜਾ ਰਹੀਆਂ ਹਨ ਲਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚਿੰਤਾਜਨਕ ਰੁਝਾਨ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਹੈ।

ਇਸ ਸੰਕਟ ਨਾਲ ਨਜਿੱਠਣ ਲਈ ਮੁੱਖ ਮੰਤਰੀ ਮਾਨ ਨੇ ਪਾਣੀ ਦੀ ਬੱਚਤ ਕਰਨ ਵਾਲੀਆਂ ਬਦਲਵੀਆਂ ਫਸਲਾਂ ਨੂੰ ਅਪਣਾਉਣ ਦੀ ਵਕਾਲਤ ਕੀਤੀ ਤਾਂ ਜੋ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਇਆ ਜਾ ਸਕੇ। ਦੇਸ਼ ਨੂੰ ਅਨਾਜ ਉਤਪਾਦਨ ‘ਚ ਆਤਮ ਨਿਰਭਰ ਬਣਾਉਣ ‘ਚ ਪੰਜਾਬ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਔਖੇ ਸਮੇਂ ‘ਚ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਆਪਣੀ ਉਪਜਾਊ ਜ਼ਮੀਨ ਅਤੇ ਪਾਣੀ ਵਰਗੇ ਕੁਦਰਤੀ ਸਰੋਤਾਂ ਦਾ ਨੁਕਸਾਨ ਵੀ ਝੱਲਣਾ ਪਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਯਾਦ ਦਿਵਾਇਆ ਕਿ ਪੰਜਾਬ ਨੇ ਹਰੀ ਕ੍ਰਾਂਤੀ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸੂਬੇ ਦੇ ਕਿਸਾਨਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਪੰਜਾਬ ਨੂੰ ਵਾਧੂ ਅਨਾਜ ਵਾਲਾ ਸੂਬਾ ਬਣਾਇਆ ਹੈ, ਜੋ ਕੌਮੀ ਅਨਾਜ ਭੰਡਾਰ ‘ਚ ਅਹਿਮ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਖੇਤੀ ਉਤਪਾਦਨ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ, ਇਸ ਲਈ ਫਲਾਂ ਅਤੇ ਸਬਜ਼ੀਆਂ ਵਰਗੀਆਂ ਉੱਚ ਮੁੱਲ ਵਾਲੀਆਂ ਫਸਲਾਂ ਦੀ ਕਾਸ਼ਤ ਰਾਹੀਂ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਅਪਣਾਉਣ ਦੀ ਲੋੜ ਹੈ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਹ ਬਦਲਾਅ ਖੇਤੀ ਆਮਦਨ ‘ਚ ਵਾਧਾ ਕਰੇਗਾ, ਟਿਕਾਊ ਖੇਤੀ ਨੂੰ ਯਕੀਨੀ ਬਣਾਏਗਾ ਅਤੇ ਜਲਵਾਯੂ ਤਬਦੀਲੀ ਦੀ ਸਮੱਸਿਆ ਨੂੰ ਹੱਲ ਕਰਨ ‘ਚ ਵੀ ਸਹਾਈ ਹੋਵੇਗਾ।

Scroll to Top