ਚੰਡੀਗੜ੍ਹ, 29 ਮਈ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਲਈ ਪ੍ਰਚਾਰ ਹੁਣ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਵੀ ਚਾਰਜ ਸੰਭਾਲ ਲਿਆ ਹੈ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ (CM Bhagwant Mann) ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਕਰਨਗੇ।
ਦੋਵੇਂ ਆਗੂ ਜਨ ਸਭਾ ਕਰਨ ਦੀ ਥਾਂ ਰੋਡ ਸ਼ੋਅ ਹੀ ਕਰਨਗੇ। ਅਰਵਿੰਦ ਕੇਜਰੀਵਾਲ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ‘ਚ ਰੋਡ ਸ਼ੋਅ ਕਰਨਗੇ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਨੰਦਪੁਰ ਸਾਹਿਬ ਹਲਕੇ ‘ਚ ਚੋਣ ਪ੍ਰਚਾਰ ਨੂੰ ਤਿੱਖਾ ਕਰਨਗੇ। ਭਗਵੰਤ ਮਾਨ (CM Bhagwant Mann) ਦੁਪਹਿਰ 3 ਵਜੇ ਨੰਗਲ, ਸ਼ਾਮ 4 ਵਜੇ ਬੱਗਾ ਅਤੇ ਸ਼ਾਮ 5 ਵਜੇ ਬਲਾਚੌਰ ਵਿਖੇ ਰੋਡ ਸ਼ੋਅ ਕਰਨਗੇ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿੱਥੇ ਬਾਅਦ ਦੁਪਹਿਰ 3 ਵਜੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਕ ਵਿਖੇ ਰੋਡ ਸ਼ੋਅ ਕਰਨਗੇ, ਉਥੇ ਹੀ ਉਹ ਸ਼ਾਮ 4 ਵਜੇ ਮੰਡੀ ਗੋਬਿੰਦਗੜ੍ਹ ਦੇ ਮੇਨ ਬਾਜ਼ਾਰ ਵਿਖੇ ਰੋਡ ਸ਼ੋਅ ਕਰਨਗੇ।