ਚੰਡੀਗੜ੍ਹ, 23 ਮਈ 2023: ਅਰਵਿੰਦ ਕੇਜਰੀਵਾਲ ਦਿੱਲੀ ‘ਚ ਅਧਿਕਾਰੀਆਂ ਦੇ ਤਬਾਦਲੇ-ਤਾਇਨਾਤੀਆਂ ਦੇ ਮੁੱਦੇ ‘ਤੇ ਕੇਂਦਰ ਦੇ ਆਰਡੀਨੈਂਸ ਵਿਰੁੱਧ ਵਿਰੋਧੀ ਪਾਰਟੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸੇ ਤਹਿਤ ਮੰਗਲਵਾਰ ਨੂੰ ਭਗਵੰਤ ਮਾਨ (CM Bhagwant Mann) ਅਤੇ ਅਰਵਿੰਦ ਕੇਜਰੀਵਾਲ ਕੋਲਕਾਤਾ ਗਏ ਅਤੇ ਸਮਰਥਨ ਮੰਗਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ |
ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਦੇ ਹੋਏ ਮਮਤਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੰਸਦ ਦੇ ਮਾਨਸੂਨ ਸੈਸ਼ਨ ‘ਚ ਆਰਡੀਨੈਂਸ ਸਬੰਧੀ ਬਿੱਲ ਲਿਆਉਂਦੀ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਮਮਤਾ ਬੈਨਰਜੀ ਨੇ ਹੋਰ ਪਾਰਟੀਆਂ ਨੂੰ ਵੀ ਆਰਡੀਨੈਂਸ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਕੇਂਦਰ ਸਰਕਾਰ ਬਾਰੇ ਮਮਤਾ ਬੈਨਰਜੀ ਨੇ ਕਿਹਾ, ਕੀ ਸੋਚਦੇ ਹਨ? ਕੀ ਅਸੀਂ ਉਨ੍ਹਾਂ ਦੇ ਬੰਧੂਆ ਮਜ਼ਦੂਰ ਹਾਂ? ਕੀ ਅਸੀਂ ਉਨ੍ਹਾਂ ਦੇ ਨੌਕਰ ਹਾਂ? ਅਸੀਂ ਚਿੰਤਤ ਹਾਂ ਕਿ ਉਹ ਸੰਵਿਧਾਨ ਨੂੰ ਬਦਲ ਸਕਦੇ ਹਨ ਅਤੇ ਦੇਸ਼ ਦਾ ਨਾਮ ਪਾਰਟੀ ਦੇ ਨਾਮ ਵਿੱਚ ਬਦਲ ਸਕਦੇ ਹਨ। ਉਹ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ। ਦੇਸ਼ ਨੂੰ ਸਿਰਫ਼ ਸੁਪਰੀਮ ਕੋਰਟ ਹੀ ਬਚਾ ਸਕਦੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਕੇਜਰੀਵਾਲ ਦਾ ਸਮਰਥਨ ਕੀਤਾ ਸੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਸੰਸਦ ਦੇ ਮਾਨਸੂਨ ਸੈਸ਼ਨ ‘ਚ ਦਿੱਲੀ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ ਕਰੇਗੀ। ਅਸੀਂ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਹਾਂ।
ਕੇਜਰੀਵਾਲ ਕੇਂਦਰ ਸਰਕਾਰ ਦੇ ਆਰਡੀਨੈਂਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਹਮਾਇਤ ਲਈ ਮੁਹਿੰਮ ਚਲਾ ਰਹੇ ਹਨ। ਉਹ 24 ਅਤੇ 25 ਮਈ ਨੂੰ ਮੁੰਬਈ ਵਿੱਚ ਹੋਣਗੇ, ਜਿੱਥੇ ਉਹ ਊਧਵ ਠਾਕਰੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਮਿਲਣਗੇ।ਕੇਜ਼ਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਆਗੂ ਸੰਜੇ ਸਿੰਘ, ਰਾਘਵ ਚੱਢਾ ਅਤੇ ਆਤਿਸ਼ੀ ਸਿੰਘ ਵੀ ਸਨ।