ਬੱਦਲ ਫਟੇ

ਰੁਦਰਪ੍ਰਯਾਗ ਤੇ ਚਮੋਲੀ ਸਮੇਤ ਤਿੰਨ ਥਾਵਾਂ ‘ਤੇ ਫਟੇ ਬੱਦਲ, ਕਈਂ ਜਣੇ ‘ਚ ਲਾਪਤਾ

ਉੱਤਰਾਖੰਡ, 29 ਅਗਸਤ 2025: ਉੱਤਰਾਖੰਡ ਦੇ ਰੁਦਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ‘ਚ ਵੀਰਵਾਰ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ। ਚਮੋਲੀ ‘ਚ ਦੋ ਜਣੇ ਲਾਪਤਾ ਹਨ। ਮਲਬੇ ਕਾਰਨ ਕਈ ਪਰਿਵਾਰ ਆਪਣੇ ਘਰਾਂ ‘ਚ ਫਸੇ ਹੋਏ ਹਨ। ਟਿਹਰੀ ਗੜ੍ਹਵਾਲ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਰੁਦਰਪ੍ਰਯਾਗ ‘ਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਾਣੀ ਰਿਹਾਇਸ਼ੀ ਇਲਾਕਿਆਂ ‘ਚ ਦਾਖਲ ਹੋ ਗਿਆ ਹੈ। ਰੁਦਰਪ੍ਰਯਾਗ ‘ਚ ਹਨੂੰਮਾਨ ਮੰਦਰ ਡੁੱਬ ਗਿਆ ਹੈ। ਕੇਦਾਰਨਾਥ ਘਾਟੀ ਦੇ ਲਾਵਾਰਾ ਪਿੰਡ ‘ਚ ਮੋਟਰ ਰੋਡ ‘ਤੇ ਬਣਿਆ ਇੱਕ ਪੁਲ ਤੇਜ਼ ਵਹਾਅ ‘ਚ ਵਹਿ ਗਿਆ।

ਉੱਤਰਾਖੰਡ ‘ਚ ਵੱਖ-ਵੱਖ ਥਾਵਾਂ ‘ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਰੁਦਰਪ੍ਰਯਾਗ ਜ਼ਿਲ੍ਹੇ ਦੇ ਤੇਂਦਵਾਲ ਪਿੰਡ ‘ਚ ਮਲਬੇ ਹੇਠ ਦੱਬਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਜਦੋਂ ਕਿ ਇੱਥੇ 18 ਤੋਂ 20 ਜਣੇ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਚਮੋਲੀ ਜ਼ਿਲ੍ਹੇ ਦੇ ਦੇਵਾਲ ਬਲਾਕ ‘ਚ ਵੀ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਜਿਸ ‘ਚ ਪਤੀ-ਪਤਨੀ ਲਾਪਤਾ ਹਨ ਅਤੇ ਦੋ ਜਣੇ ਜ਼ਖਮੀ ਹੋ ਗਏ ਹਨ, ਇਸਦੇ ਨਾਲ ਹੀ 20 ਪਸ਼ੂ ਮਲਬੇ ਹੇਠ ਦੱਬੇ ਹੋਏ ਹਨ।

ਟੇਹਰੀ ਦੇ ਭੀਲੰਗਾਨਾ ਬਲਾਕ ਦੇ ਗੇਨਵਾਲੀ ਪਿੰਡ ‘ਚ ਵੀ ਬੱਦਲ ਫਟਿਆ ਹੈ। ਖੁਸ਼ਕਿਸਮਤੀ ਨਾਲ, ਇੱਥੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ, ਰੁਦਰਪ੍ਰਯਾਗ ‘ਚ ਵੀ ਬੱਦਲ ਫਟਿਆ ਹੈ।

ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਮੋਪਾਟਾ ‘ਚ ਰਹਿਣ ਵਾਲੇ ਤਾਰਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਜਦੋਂ ਕਿ ਵਿਕਰਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਜ਼ਖਮੀ ਹਨ। ਉਨ੍ਹਾਂ ਦੇ ਘਰ ਅਤੇ ਗਊਸ਼ਾਲਾ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ।

ਡੀਐਮ ਨੇ ਕਿਹਾ ਕਿ ਤਹਿਸੀਲ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ ਹੈ। ਇੱਥੇ, ਭਾਰੀ ਮੀਂਹ ਦੇ ਮੱਦੇਨਜ਼ਰ, ਚਮੋਲੀ ਜ਼ਿਲ੍ਹੇ ਦੇ ਸਾਰੇ ਵਿਕਾਸ ਬਲਾਕਾਂ ‘ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਕਾਰਨ ਦੇਵਾਲ ‘ਚ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ। ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਥਰਾਲੀ ਦੇ ਲੋਕ ਵੀ ਡਰੇ ਹੋਏ ਹਨ। ਆਦਿ ਬਦਰੀ, ਕਰਨਪ੍ਰਯਾਗ ‘ਚ ਵੀ ਭਾਰੀ ਬਾਰਿਸ਼ ਹੋ ਰਹੀ ਹੈ।

Read More: ਜੰਮੂ-ਕਸ਼ਮੀਰ ਦੇ ਡੋਡਾ ‘ਚ ਫਟਿਆ ਬੱਦਲ, ਕਈਂ ਘਰਾਂ ਨੂੰ ਪਹੁੰਚਿਆ ਨੁਕਸਾਨ

Scroll to Top