ਚੰਡੀਗੜ੍ਹ, 30 ਜੁਲਾਈ 2024: ਹਿਮਾਚਲ ਪ੍ਰਦੇਸ਼ ਦੇ ਕੁੱਲੂ (Kullu) ਦੀ ਮਣੀਕਰਨ ਘਾਟੀ ‘ਚ ਐਤਵਾਰ ਦੇਰ ਰਾਤ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ । ਬੱਦਲ ਫਟਣ ਨਾਲ ਪੁਲ ਪਾਣੀ ‘ਚ ਰੁੜ੍ਹ ਗਿਆ ਹੈ ਅਤੇ ਇਲਾਕੇ ‘ਚ ਕਾਫ਼ੀ ਨੁਕਸਾਨ ਹੋਇਆ ਹੈ | ਇਸ ਘਟਨਾ ‘ਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਜਣਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਤੱਕ ਹਿਮਾਚਲ ਪ੍ਰਦੇਸ਼ ‘ਚ 117 ਸੜਕਾਂ ਅਤੇ 215 ਬਿਜਲੀ ਟਰਾਂਸਫਾਰਮਰ ਠੱਪ ਰਹੇ।
ਕੁੱਲੂ (Kullu) ‘ਚ ਭਾਰੀ ਮੀਂਹ ਕਾਰਨ ਸਰੇਹੀ ਡਰੇਨ ਦੇ ਪਾਣੀ ਦਾ ਪੱਧਰ ਫਿਰ ਵਧ ਗਿਆ ਹੈ। ਨਾਲੇ ਦਾ ਪਾਣੀ ਸੜਕ ਤੋਂ ਵਹਿਣ ਲੱਗਾ। ਇਸ ਕਾਰਨ ਮਨਾਲੀ-ਲੇਹ ਸੜਕ ਨੂੰ ਮੁੜ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪਲਚਾਨ ਪਿੰਡ ਦੇ ਵਾਸੀਆਂ ਸਮੇਤ ਹੋਰ ਪਿੰਡਾਂ ‘ਤੇ ਹੜ੍ਹ ਦਾ ਖ਼ਤਰਾ ਮੰਡਰਾਂ ਰਿਹਾ ਹੈ |
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ 31 ਜੁਲਾਈ ਅਤੇ 1 ਅਗਸਤ ਨੂੰ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਪੰਜ ਜ਼ਿਲ੍ਹਿਆਂ ਕੁੱਲੂ, ਸੋਲਨ, ਸਿਰਮੌਰ, ਸ਼ਿਮਲਾ, ਕਿਨੌਰ ਦੇ ਕੁਝ ਇਲਾਕਿਆਂ ‘ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।