ਜੰਮੂ, 03 ਸਤੰਬਰ 2025: Akhnoor Cloudbrust News: ਅਖਨੂਰ ਦੇ ਚੌਕੀ ਚੌਰਾ ‘ਚ ਸਵੇਰੇ 2 ਵਜੇ ਦੇ ਕਰੀਬ ਅਚਾਨਕ ਬੱਦਲ ਫਟਣ ਕਾਰਨ ਸੁਮਾਹ ਖੜ (ਡਰੇਨ) ਭਰ ਗਿਆ, ਜਿਸ ਕਾਰਨ ਅਖਨੂਰ ਦੇ ਸੁਮਾਹ, ਸੁੰਗਲ, ਪੰਗਯਾੜੀ , ਰਾਮਨਗਰ ਕਲੋਨੀ ਅਤੇ ਬੋਮਲ ਖੇਤਰ ‘ਚ ਪਾਣੀ ਕਈ ਘਰਾਂ ‘ਚ ਦਾਖਲ ਹੋ ਗਿਆ। ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਦੌਰਾਨ ਅਖਨੂਰ ਨੂੰ ਗੋਪਾਲਾ ਅਤੇ ਪੰਗਯਾੜੀ ਮੁੱਖ ਸੜਕ ਨੂੰ ਜੋੜਨ ਵਾਲੇ ਦੋਵੇਂ ਪੁਲੀ ਵੀ ਟੁੱਟ ਗਏ ਹਨ। ਇਸ ਕਾਰਨ ਪੰਗਯਾੜੀ ਅਤੇ ਗੋਪਾਲਾ ਪਿੰਡਾਂ ਦਾ ਸੰਪਰਕ ਕੱਟ ਗਿਆ ਹੈ, ਜਿਸ ਨਾਲ ਲਗਭਗ 400 ਲੋਕ ਪ੍ਰਭਾਵਿਤ ਹੋਏ ਹਨ।
ਸਵੇਰੇ 8 ਵਜੇ ਚੇਨਾਬ ਦਰਿਆ ਦਾ ਪਾਣੀ ਦਾ ਪੱਧਰ 44 ਫੁੱਟ ਸੀ, ਜੋ ਹੁਣ ਘੱਟ ਕੇ 42 ਫੁੱਟ ਹੋ ਗਿਆ ਹੈ। ਚੇਨਾਬ ਦਰਿਆ ਦੇ ਕੰਢੇ ਸਥਿਤ ਗੜਖਾਲ ਪੰਚਾਇਤ ਦੇ ਫੱਤੂ ਕੋਟਲੀ ਇਲਾਕੇ ‘ਚ ਪਾਣੀ ਫਿਰ ਵਧ ਗਿਆ ਹੈ, ਜਿੱਥੇ ਲਗਭਗ 25 ਲੋਕ ਫਸੇ ਹੋਏ ਹਨ।
ਇਸ ਤੋਂ ਇਲਾਵਾ, ਬੋਮਲ, ਦੇਵੀਪੁਰ, ਭੋਰਕੈਂਪ, ਚੱਕ ਸਿਕੰਦਰ, ਮੈਰਾ ਅਤੇ ਬੰਦਵਾਲ ਵਰਗੇ ਇਲਾਕੇ ਚਨਾਬ ਨਦੀ ਦੇ ਕੰਢੇ ਪਾਣੀ ਨਾਲ ਘਿਰੇ ਹੋਏ ਹਨ। ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਫਸੇ ਲੋਕਾਂ ਦੀ ਮੱਦਦ ਲਈ ਸਰਗਰਮ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਮੱਦਦ ਕੀਤੀ ਜਾਵੇ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ।
ਜੰਮੂ-ਕਸ਼ਮੀਰ ‘ਚ ਮੌਸਮ ਦਾ ਖ਼ਤਰਾ ਬਣਿਆ ਹੋਇਆ ਹੈ। ਐਤਵਾਰ ਦੇਰ ਸ਼ਾਮ ਗਾਂਦਰਬਲ ਦੇ ਕੁਲਨ ‘ਚ ਬੱਦਲ ਫਟਣ ਕਾਰਨ ਨਦੀਆਂ ਅਤੇ ਨਾਲੇ ਭਰ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੇ ਨਾਲ ਹੀ, ਮੌਸਮ ਵਿਭਾਗ ਦੇ ਅਨੁਸਾਰ, ਭਾਰੀ ਮੀਂਹ ਲਈ ਰੈੱਡ ਅਲਰਟ ਹੁਣ ਬੁੱਧਵਾਰ ਤੱਕ ਵਧਾ ਦਿੱਤਾ ਗਿਆ ਹੈ। ਦੋ ਦਿਨਾਂ ਲਈ ਹੜ੍ਹ, ਜ਼ਮੀਨ ਖਿਸਕਣ ਅਤੇ ਪਹਾੜੀਆਂ ਤੋਂ ਪੱਥਰ ਡਿੱਗਣ ਦੀ ਸੰਭਾਵਨਾ ਹੈ।
ਵਿਭਾਗ ਦੇ ਅਨੁਸਾਰ, ਜੰਮੂ ਡਿਵੀਜ਼ਨ ਦੇ ਸਾਰੇ ਦਸ ਜ਼ਿਲ੍ਹਿਆਂ ਅਤੇ ਕਸ਼ਮੀਰ ਦੇ ਦੋ ਜ਼ਿਲ੍ਹਿਆਂ, ਅਨੰਤਨਾਗ ਅਤੇ ਕੁਲਗਾਮ ‘ਚ ਮੀਂਹ ਦਾ ਵਧੇਰੇ ਪ੍ਰਭਾਵ ਪਵੇਗਾ। ਦੋਵਾਂ ਡਿਵੀਜ਼ਨਾਂ ‘ਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਪਠਾਨਕੋਟ-ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਫਿਰ ਤੋਂ ਜ਼ਮੀਨ ਖਿਸਕਣ ਦਾ ਖ਼ਤਰਾ ਹੈ। ਮੌਸਮ ਵਿਭਾਗ ਨੇ ਪ੍ਰਸ਼ਾਸਨ, ਸਬੰਧਤ ਵਿਭਾਗਾਂ ਅਤੇ ਯਾਤਰੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।
Read More: ਜੰਮੂ-ਕਸ਼ਮੀਰ ਦੇ ਡੋਡਾ ‘ਚ ਫਟਿਆ ਬੱਦਲ, ਕਈਂ ਘਰਾਂ ਨੂੰ ਪਹੁੰਚਿਆ ਨੁਕਸਾਨ