ਚਮੋਲੀ

ਚਮੋਲੀ ਜ਼ਿਲ੍ਹੇ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਕਈਂ ਘਰਾਂ ਨੂੰ ਪਹੁੰਚਿਆ ਨੁਕਸਾਨ

ਚਮੋਲੀ, 23 ਅਗਸਤ 2025: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਇਹ ਹਾਦਸਾ ਰਾਤ 1 ਤੋਂ 2 ਵਜੇ ਦੇ ਵਿਚਕਾਰ ਵਾਪਰਿਆ ਹੈ । ਥਰਾਲੀ ਤਹਿਸੀਲ ਦੇ ਟੁਨਰੀ ਗਦੇਰਾ ‘ਚ ਬੱਦਲ ਫਟਣ ਦੀ ਖ਼ਬਰ ਮਿਲੀ ਹੈ। ਦੇਰ ਰਾਤ ਬੱਦਲ ਫਟਣ ਕਾਰਨ ਥਰਾਲੀ ਬਾਜ਼ਾਰ, ਕੋਟਦੀਪ, ਤਹਿਸੀਲ ਥਰਾਲੀ ਦੇ ਅਹਾਤੇ ‘ਚ ਬਹੁਤ ਸਾਰਾ ਮਲਬਾ ਡਿੱਗ ਗਿਆ ਹੈ। ਇਸ ਤੋਂ ਇਲਾਵਾ ਚੇਪੜੋਂ ਅਤੇ ਸਾਗਵਾੜਾ ਸਮੇਤ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਹੋਇਆ ਹੈ। ਗੌਚਰ ਤੋਂ ਐਨਡੀਆਰਐਫ ਅਤੇ ਆਈਟੀਬੀਪੀ, ਗਵਾਲਡਮ ਤੋਂ ਐਸਐਸਬੀ ਰਾਹਤ ਅਤੇ ਬਚਾਅ ਕਾਰਜਾਂ ਲਈ ਰਵਾਨਾ ਹੋਏ ਹਨ।

ਜਾਣਕਾਰੀ ਮੁਤਾਬਕ ਬੱਦਲ ਫਟਣ ਕਾਰਨ ਕਰੀਬ 70 ਤੋਂ 80 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮਲਬਾ ਭਰ ਗਿਆ ਹੈ | ਇਸਦੇ ਨਾਲ ਹੀ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਤਹਿਸੀਲ ਅਹਾਤੇ ‘ਚ ਕੁਝ ਵਾਹਨ ਵੀ ਮਲਬੇ ਹੇਠ ਦੱਬੇ ਹੋਏ ਹਨ। ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਨੌਜਵਾਨ ਔਰਤ ਅਤੇ ਇੱਕ ਬਜ਼ੁਰਗ ਵਿਅਕਤੀ ਲਾਪਤਾ ਹੈ। ਐਨਡੀਆਰਐਫ ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ।

ਥਰਾਲੀ ਦੇ ਤਹਿਸੀਲ ਅਹਾਤੇ ਰਾਡੀਬਾਗ ‘ਚ ਅਚਾਨਕ ਮੀਂਹ ਦਾ ਨਾਲਾ ਭਰ ਗਿਆ। ਐਸਡੀਐਮ ਦੀ ਰਿਹਾਇਸ਼ ਮਲਬੇ ਹੇਠ ਦੱਬ ਗਈ। ਐਸਡੀਐਮ ਅਤੇ ਹੋਰ ਰਾਤ ਨੂੰ ਰਿਹਾਇਸ਼ ਛੱਡ ਕੇ ਸੁਰੱਖਿਅਤ ਥਾਂ ‘ਤੇ ਚਲੇ ਗਏ। ਰਾਡੀਬਾਗ ‘ਚ ਮਲਬੇ ਹੇਠ ਵਾਹਨਾਂ ਦੇ ਦੱਬੇ ਹੋਣ ਦੀ ਜਾਣਕਾਰੀ ਹੈ।

ਮਲਬੇ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਥਰਾਲੀ ਬਾਜ਼ਾਰ ਵੀ ਮਲਬੇ ਨਾਲ ਭਰਿਆ ਹੋਇਆ ਹੈ। ਮਲਬੇ ਦੇ ਨਾਲ ਕਈ ਵਾਹਨ ਵੀ ਵਹਿ ਗਏ ਹਨ ਅਤੇ ਸੜਕ ਤੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ ਹਨ। ਥਰਾਲੀ-ਸਾਗਵਾੜਾ ਸੜਕ ਵੀ ਬੰਦ ਹੈ।

Read More: ਉੱਤਰਕਾਸ਼ੀ ‘ਚ ਬੱਦਲ ਫਟਣ ਤੋਂ ਬਾਅਦ ਹਰ ਪਾਸੇ ਮਲਬਾ, ਰਾਹਤ ਕਾਰਜ ਲਈ ਫੌਜ ਨੇ ਸੰਭਾਲੀ ਜ਼ਿੰਮੇਵਾਰੀ

Scroll to Top