July 5, 2024 1:31 am
Shimla

ਸ਼ਿਮਲਾ ਜ਼ਿਲ੍ਹੇ ‘ਚ ਫਟਿਆ ਬੱਦਲ, ਸੇਬ ਦੇ ਬਾਗਾਂ ਅਤੇ ਘਰਾਂ ਨੂੰ ਪੁੱਜਿਆ ਨੁਕਸਾਨ

ਚੰਡੀਗੜ੍ਹ, 26 ਜੁਲਾਈ 2023: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ (Shimla) ਜ਼ਿਲ੍ਹੇ ਦੇ ਰਾਮਪੁਰ ਉਪ ਮੰਡਲ ਦੀ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟਣ ਕਾਰਨ ਸੇਬ ਦੇ ਬਾਗਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਇਸਦੇ ਨਾਲ ਕਈ ਘਰ ਵਹਿ ਜਾਣ ਦੀ ਖ਼ਬਰ ਹੈ ਅਤੇ ਕਈਆਂ ਦੇ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਪ੍ਰਾਇਮਰੀ ਸਕੂਲ ਦੀ ਇਮਾਰਤ, ਯੂਥ ਕਲੱਬ ਦੀ ਇਮਾਰਤ ਅਤੇ ਹੋਰ ਲੋਕਾਂ ਦੇ ਘਰ ਹੜ੍ਹਾਂ ਕਾਰਨ ਰੁੜ੍ਹ ਗਏ ਹਨ। ਇਸ ਤੋਂ ਇਲਾਵਾ ਹੜ੍ਹ ਵਿੱਚ ਗਾਵਾਂ, ਬਲਦ, ਭੇਡਾਂ ਅਤੇ ਬੱਕਰੀਆਂ ਵੀ ਵਹਿ ਜਾਣ ਦੀ ਖ਼ਬਰ ਹੈ । ਇਸ ਦੇ ਨਾਲ ਹੀ ਸੇਬ ਦੇ ਕਈ ਬਾਗਾਂ ਵਿੱਚ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ 11 ਵਜੇ ਅਚਾਨਕ ਬੱਦਲ ਫਟ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਤਾਂ ਬਚਾਈ ਪਰ ਘਰਾਂ ਅਤੇ ਬਗੀਚਿਆਂ ਦਾ ਕਾਫੀ ਨੁਕਸਾਨ ਹੋ ਗਿਆ।

ਸਰਪਾਰਾ ਪੰਚਾਇਤ ਦੇ ਮੁਖੀ ਮੋਹਨ ਕਪਾਟੀਆ ਨੇ ਦੱਸਿਆ ਕਿ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ਵਿੱਚ ਬੱਦਲ ਫਟ ਗਿਆ। ਉਨ੍ਹਾਂ ਕਿਹਾ ਕਿ ਪਿੰਡ ਸਰਪਾਰਾ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।