ਚੰਡੀਗੜ੍ਹ, 28 ਜੁਲਾਈ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਦੇ ਤਹਿਸੀਲਦਾਰ ਨਕੋਦਰ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ (ਆਰ.ਸੀ.) ਪ੍ਰਸ਼ਾਂਤ ਜੋਸ਼ੀ ਨੂੰ 6,000 ਰੁਪਏ ਰਿਸ਼ਵਤ (Bribe) ਲੈਂਦਿਆਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਕਲਰਕ ਨੂੰ ਨਕੋਦਰ ਤਹਿਸੀਲ ਦੇ ਪਿੰਡ ਸੇਹਮ ਦੇ ਰਹਿਣ ਵਾਲੇ ਰਣਵੀਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਆਰਥਿਕ ਵਿੰਗ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਕਲਰਕ ਨੇ ਆਮਦਨ ਸਰਟੀਫਿਕੇਟ ਬਣਾਉਣ ਬਦਲੇ ਉਸ ਕੋਲੋਂ 7,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਉਕਤ ਕਲਰਕ ਸ਼ਿਕਾਇਤਕਰਤਾ ਤੋਂ ਪਹਿਲਾਂ ਹੀ 1000 ਰੁਪਏ ਰਿਸ਼ਵਤ (Bribe) ਲੈ ਚੁੱਕਾ ਹੈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਇਸ ਸਬੰਧੀ ਵਿੱਚ ਮੁਲਜ਼ਮ ਕਲਰਕ ਪ੍ਰਸ਼ਾਂਤ ਜੋਸ਼ੀ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐਫ.ਆਈ.ਆਰ. ਨੰਬਰ 8, ਮਿਤੀ 28-07-2023 ਨੂੰ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਆਰਥਿਕ ਵਿੰਗ ਵਿਖੇ ਕੇਸ ਦਰਜ ਕੀਤਾ ਗਿਆ ਹੈ।