ਚੰਡੀਗੜ੍ਹ, 25 ਨਵੰਬਰ 2023: ਰਾਜਸਥਾਨ (Rajasthan) ਦੇ ਧੌਲਪੁਰ ਦੇ ਬਾਰੀ ਵਿਧਾਨ ਸਭਾ ਹਲਕੇ ਦੇ ਪਿੰਡ ਰਜ਼ਈ ਅਤੇ ਅਬਦੁਲਪੁਰ ਵਿੱਚ ਜਾਅਲੀ ਵੋਟਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਪਿੰਡ ਰਜ਼ਈ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਗੋਲੀਆਂ ਚਲਾਉਣ ਦੀ ਖ਼ਬਰ ਹੈ | ਜਿਸ ਕਾਰਨ ਪੋਲਿੰਗ ਸਟੇਸ਼ਨ ’ਤੇ ਹਫੜਾ-ਦਫੜੀ ਮੱਚ ਗਈ।
ਇਸੇ ਦੌਰਾਨ ਪਿੰਡ ਅਬਦੁਲਪੁਰ ਵਿੱਚ ਜਾਅਲੀ ਵੋਟਿੰਗ ਨੂੰ ਲੈ ਕੇ ਬਸਪਾ ਉਮੀਦਵਾਰ ਜਸਵੰਤ ਸਿੰਘ ਗੁਰਜਰ ਅਤੇ ਭਾਜਪਾ ਉਮੀਦਵਾਰ ਗਿਰਰਾਜ ਸਿੰਘ ਮਲਿੰਗਾ ਦੇ ਸਮਰਥਕ ਆਪਸ ਵਿੱਚ ਭਿੜ ਗਏ। ਹਾਲਾਂਕਿ ਅਜੇ ਤੱਕ ਕਿਸੇ ਵੀ ਪਾਸਿਓਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਮਾਮਲਾ ਸ਼ਾਂਤ ਹੋ ਗਿਆ ਹੈ ਅਤੇ ਵੋਟਿੰਗ ਸੁਚਾਰੂ ਢੰਗ ਨਾਲ ਕਰਵਾਈ ਜਾ ਰਹੀ ਹੈ।
ਬਸਈ ਡਾਂਗ ਥਾਣਾ (Rajasthan) ਇੰਚਾਰਜ ਸੰਪਤ ਸਿੰਘ ਨੇ ਦੱਸਿਆ ਕਿ ਜਾਅਲੀ ਵੋਟਿੰਗ ਨੂੰ ਲੈ ਕੇ ਥਾਣਾ ਖੇਤਰ ਦੇ ਰਜ਼ਈ ਪੋਲਿੰਗ ਬੂਥ ‘ਤੇ ਦੋ ਧਿਰਾਂ ਵਿਚਾਲੇ ਝੜੱਪ ਹੋ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ।