ਗੁਰਦਾਸਪੁਰ , 28 ਮਈ 2023: ਸ੍ਰੀ ਗੋਇੰਦਵਾਲ ਸਾਹਿਬ (Sri Goindwal Sahib) ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ | ਕੇਂਦਰੀ ਜੇਲ੍ਹ ਦੇ ਅੰਦਰ ਸ਼ਨੀਵਾਰ ਦੇਰ ਸ਼ਾਮ ਇਕ ਵਾਰ ਫਿਰ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਜੇਲ੍ਹ ਵਿਚ ਬੰਦ ਲਗਭਗ ਇਕ ਦਰਜਨ ਹਵਾਲਾਤੀਆਂ ਵੱਲੋਂ ਇਕ-ਦੂਜੇ ’ਤੇ ਹਮਲਾ ਕਰ ਦਿੱਤਾ ਗਿਆ ।
ਕੇਂਦਰੀ ਜੇਲ੍ਹ ਦੇ ਅੰਦਰ ਇਸ ਹਮਲੇ ’ਚ ਇਕ ਹਵਾਲਾਤੀ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਗੈਂਗਵਾਰ ਤੋਂ ਕੁਝ ਸਮਾਂ ਬਾਅਦ ਇਕ ਵਾਰ ਫਿਰ ਦੋ ਧੜਿਆਂ ਵਿਚ ਲੜਾਈ ਹੋ ਗਈ, ਜਿਸ ਨੂੰ ਕੰਟਰੋਲ ਕਰਨ ਲਈ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਅੰਦਰ ਦਾਖਲ ਹੋ ਕੇ ਬੜੀ ਮੁਸ਼ਕਿਲ ਨਾਲ ਸਥਿਤੀ ਨੂੰ ਕੰਟਰੋਲ ਕੀਤਾ। ਜ਼ਿਕਰਯੋਗ ਹੈ ਕਿ ਇਸ ਗੈਂਗਵਾਰ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਅਤੇ ਅੰਮ੍ਰਿਤ ਧੜੇ ਨਾਲ ਸੰਬੰਧਤ ਕੁੱਝ ਹਵਾਲਾਤੀ ਜੁੜੇ ਹੋ ਸਕਦੇ ਹਨ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ’ਚ ਸੰਦੀਪ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਤੁਰੰਤ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਹਮਲੇ ਵਿਚ ਕੁਝ ਹਵਾਲਾਤੀਆਂ ਦੀ ਪਛਾਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਸੂਤਰਾਂ ਦੇ ਮੁਤਾਬਕ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਦਾਖਲ ਕਰਵਾਏ ਗਏ ਜ਼ਖਮੀ ਸੰਦੀਪ ਸਿੰਘ ਬਾਅਦ ਹਸਪਤਾਲ ਤੋਂ ਛੁੱਟੀ ਦਿੰਦੇ ਹੋਏ ਜੇਲ੍ਹ ਵਾਪਸ ਭੇਜ ਦਿੱਤਾ ਗਿਆ।