Mastaney

ਸਿਨੇਮਾ ਅਤੇ ਇਤਿਹਾਸ: ਇਤਿਹਾਸ ਨਿਸ਼ਾਨਦੇਹੀਆਂ ਨੂੰ ਖੰਘਾਲਣਾ ਸਿਨੇਮਾ ਅਤੇ ਸਮਾਜ ਦੀ ਚੁਣੌਤੀ ਹੈ

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਵਾਇਆ ਸਿਨੇਮਾ: ਸਿਨੇਮਾ ਅਤੇ ਇਤਿਹਾਸ

ਮਸਤਾਨੇ ਫ਼ਿਲਮ ਹੈ। ਇਤਿਹਾਸ ਦਾ ਇੱਕ ਝਲਕਾਰਾ ਹੈ। ਕੁਝ ਪੇਸ਼ਕਾਰੀ ਅਤੇ ਕੁਝ ਇਤਿਹਾਸਕ ਤਥਹੀਣਤਾ ਤੋਂ ਇਸ ਬਾਰੇ ਗੱਲ ਕੀਤੀ ਹੈ।

ਇਸ ਸਭ ਦੇ ਨਾਲ ਨਾਲ ਇਹ ਅਜਬ ਹੈ ਕਿ ਬਹਿਸ ਤੁਰ ਪਏ ਕਿ ਜੋ ਮਸਤਾਨੇ ਦੀ ਆਲੋਚਨਾ ਕਰਦਾ ਹੈ ਉਹ ਸਿੱਖ ਨਹੀਂ ਹੈ। ਮਸਤਾਨੇ ਨਾਲ ਸਹਿਮਤ ਹੋਣਾ ਜ਼ਰੂਰੀ ਕਿਉਂ ਹੈ ?

ਮਸਤਾਨੇ ਫ਼ਿਲਮ ਬਾਰੇ ਗੱਲ ਕਰਦਿਆਂ ਨਾ ਤਾਂ ਇਹ ਕਿਹਾ ਹੈ ਕਿ ਇਹਦਾ ਵਿਰੋਧ ਕਰੋ। ਗੱਲ ਸਿਰਫ ਏਨੀ ਕੁ ਹੈ ਕਿ ਸ਼ਰਨ ਆਰਟ ਨੇ ਫਿਲਮ ਬਣਾਈ। ਉਸੇ ਤਰ੍ਹਾਂ ਇਸ ਬਾਰੇ ਲਿਖਣ ਵਾਲੇ ਆਲੋਚਕਾਂ ਨੇ ਆਪਣੀ ਗੱਲ ਰੱਖੀ। ਮਸਤਾਨੇ ਫ਼ਿਲਮ ਦੀ ਆਲੋਚਨਾਤਮਕ ਵਿਆਖਿਆ ਕਰਨ ਦਾ ਅਰਥ ਫ਼ਿਲਮ ਦਾ ਵਿਰੋਧ ਨਹੀਂ ਹੈ। ਇਹ ਇਤਿਹਾਸਿਕ ਵਿਸ਼ੇ ਦੀ ਗੰਭੀਰਤਾ ਨਾਲ ਪੇਸ਼ਕਾਰੀ ਵੱਲ ਧਿਆਨ ਦਵਾਉਣਾ ਹੈ ਤਾਂ ਕਿ ਭਵਿੱਖ ਵਿੱਚ ਹੋਰ ਸੁਚੇਤ ਹੋਇਆ ਜਾ ਸਕੇ।

ਸਾਡੇ ਸਾਹਮਣੇ ਦੋ ਨੁਕਤੇ ਹਨ। ਪਹਿਲਾਂ ਸਿੱਖ ਇਤਿਹਾਸ ਜਾਂ ਸਿੱਖ ਸੱਭਿਆਚਾਰ ਕਿਰਦਾਰ ਮਾਹੌਲ ਸਮਾਜ ਦੀ ਪੇਸ਼ਕਾਰੀਆਂ ਸਿਨੇਮਾ ਘੱਟ ਬਣਿਆ ਹੈ। ਇੱਕ ਸਿਲਸਿਲਾ ਸਰਦਾਰ ਕਿਰਦਾਰ ਅਤੇ ਜ਼ਿੰਦਗੀ ਦੀ ਸਹੀ ਪੇਸ਼ਕਾਰੀਆਂ ਨਾ ਕਰਨ ਦਾ ਵੀ ਰਿਹਾ ਹੈ। ਸੋ ਫ਼ਿਲਮਾਂ ਜਦੋਂ ਆਉਂਦੀਆਂ ਹਨ ਉਹਨਾਂ ਦਾ ਸਵਾਗਤ ਹੈ।

ਅਗਲੀ ਗੱਲ ਇਹ ਹੈ ਕਿ ਇਸ ਨਾਲ ਨਾਲ ਜਿੰਮੇਵਾਰੀ ਵੀ ਹੈ ਕਿ ਅਜਿਹੀਆਂ ਪੇਸ਼ਕਾਰੀਆਂ ਕਰਦਿਆਂ ਤੱਥਹੀਣਤਾ ਅਤੇ ਊਣਤਾਈਆਂ ਬਾਰੇ ਗੱਲ ਵੀ ਬਰਾਬਰ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਹੋਰ ਬਿਹਤਰੀ ਨੂੰ ਵਧਿਆ ਜਾਵੇ। ਨਹੀਂ ਤਾਂ ਹਲਾਤ ਇਹ ਬਣਨੇ ਹਨ ਕਿ ਤੁਸੀਂ ਆਪਣਾ ਇਤਿਹਾਸ ਦੱਸਣਾ ਹੈ ਕਿਸੇ ਨੇ ਫਿਲਮ ਤੋਂ ਗਿਆਨ ਮਨ ਵਿੱਚ ਵਸਾ ਕਹਿਣਾ ਹੈ ਨਹੀਂ ਉਹ ਤਾਂ ਆਹ ਸੀ। ਇਹ ਸਹੀ ਨਹੀਂ ਹੋਵੇਗਾ।

ਇਹ ਇੰਝ ਇਕਹਿਰਾ ਨਹੀਂ ਹੋਣਾ ਚਾਹੀਦਾ ਕਿ ਮਸਤਾਨੇ ਫ਼ਿਲਮ ਦੀ ਆਲੋਚਨਾ ਕਰਦਿਆਂ ਬਾਇਨਰੀਨੁੰਮਾ ਲਕੀਰ ਖਿੱਚ ਦਿਓ ਕਿ ਜਾਂ ਇਹ ਕਰੋ ਨਹੀਂ ਤਾਂ ਤੁਸੀਂ ਇਹ ਹੋ ਜਾਂ ਉਹ ਹੋ।

ਮਸਤਾਨੇ ਫ਼ਿਲਮ ਬਾਰੇ ਗੱਲ ਫਿਲਮ ਦੀ ਆਲੋਚਨਾ ਕਰਨ ਵਾਲਾ ਸਿੱਖ ਵਿਰੋਧੀ ਕਿਵੇਂ ਹੋ ਜਾਂਦਾ ਹੈ ? ਇਹ ਸਮਝੋ ਬਾਹਰ ਦੀ ਗੱਲ ਹੈ। ਫ਼ਿਲਮ ਨੂੰ ਫਿਲਮ ਦੀ ਤਰ੍ਹਾਂ ਹੀ ਵੇਖਿਆ ਜਾ ਸਕਦਾ ਹੈ।

ਮਸਲਾ ਇਕੱਲਾ ਮਸਤਾਨੇ ਤੱਕ ਨਹੀਂ। ਆਮ ਆਦਮੀ ਪਾਰਟੀ ਸਰਦਾਰ ਭਗਤ ਸਿੰਘ ‘ਤੇ ਦਾਅਵਾ ਕਰਦੀ ਹੈ ਪਰ ਸਰਦਾਰ ਭਗਤ ਸਿੰਘ ਬਾਰੇ ਉਹ ਵੀ ਤੱਥਹੀਣ ਨੁਕਤੇ ਪ੍ਰਚਾਰਦੇ ਹਨ।

ਸਾਕਾ ਨਨਕਾਣਾ ਸਾਹਿਬ ਨੇ ਪੰਜਾਬ ਪੂਰੇ ਨੂੰ ਹਿਲਾ ਦਿੱਤਾ ਸੀ। ਰੋਸ ਵਜੋਂ ਮਾਵਾਂ ਭੈਣਾਂ ਨੇ ਕਾਲੀਆਂ ਚੁੰਨੀਆਂ ਤੇ ਵੀਰਾਂ ਬਜ਼ੁਰਗਾਂ ਨੇ ਕਾਲੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ।

ਹਵਾਲਾ ਇਹ ਵੀ ਹੈ ਕਿ ਸਰਦਾਰ ਭਗਤ ਸਿੰਘ ਨੇ ਵੀ ਰੋਸ ਵਜੋਂ ਬਾਕੀਆਂ ਵਾਂਗ ਕਾਲੀ ਪੱਗ ਬੰਨ੍ਹੀ ਸੀ। ਇਸ ਤੋਂ ਇਲਾਵਾ ਉਹਨਾਂ ਦਾ ਚਿੱਟੀ ਪੱਗ ਬੰਨ੍ਹਣ ਦੇ ਹਵਾਲੇ ਹਨ ਪਰ ਸਰਦਾਰ ਭਗਤ ਸਿੰਘ ਨੇ ਬਸੰਤੀ ਪੱਗ ਕਦੇ ਨਹੀਂ ਬੰਨ੍ਹੀ। ਅਕਾਲੀ ਵੀ ਪਹਿਲਾਂ ਕਾਲੀਆਂ ਪੱਗਾਂ ਬੰਨ੍ਹਦੇ ਸਨ।

ਮੇਰਾ ਰੰਗ ਦੇ ਬਸੰਤੀ ਚੋਲਾ ਗੀਤ 1925 ਕਾਕੋਰੀ ਕੇਸ ਵੇਲੇ ਬਸੰਤ ਰੁੱਤ ਹੋਣ ‘ਤੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਨੇ ਗਾਇਆ ਸੀ। ਇਹਦੀ ਬੁਣਤ ਉਹਨਾਂ ਹੀ ਬਣਾਈ ਸੀ। ਸਰਦਾਰ ਭਗਤ ਸਿੰਘ ਨੇ ਇਹ ਗੀਤ ਨਹੀਂ ਗਾਇਆ।

ਸਰਦਾਰ ਭਗਤ ਸਿੰਘ ਦਾ ਜਨਮ ਚੱਕ 107 ਬੰਗਾ ਗੁਗੇਸ ਬ੍ਰਾਂਚ ਲਾਇਲਪੁਰ (ਪਾਕਿਸਤਾਨ) ਹੋਇਆ। ਉਹ ਖਟਕੜ ਕਲਾਂ ਵਾਸੀ ਨਹੀਂ ਸਨ। ਵੰਡ ਤੋਂ ਬਾਅਦ ਜ਼ਮੀਨ ਸਹਾਰਨਪੁਰ ਉੱਤਰ ਪ੍ਰਦੇਸ਼ ਮਿਲੀ। ਇੱਕ ਚਾਚੇ ਨੇ ਵਾਪਸੀ ਖਟਕੜ ਕਲਾਂ ਕੀਤੀ ਸੀ।

ਹੁਣ ਆਮ ਆਦਮੀ ਪਾਰਟੀ ਭਾਂਵੇ ਮੇਰਾ ਰੰਗ ਦੇ ਬਸੰਤੀ ਭਗਤ ਸਿੰਘ ਨੂੰ ਧਿਆਨ ਵਿੱਚ ਰੱਖਕੇ ਵਜਾਵੇ ਜਾਂ ਬਸੰਤੀ ਪੱਗ ਬੰਨ੍ਹੇ ਜਾਂ ਮੌਜੂਦਾ ਮੁੱਖ ਮੰਤਰੀ ਰਾਜਗੁਰੂ ਦਾ ਲਿਖਿਆ ਸ਼ੇਅਰ ਹੀ ਕਿਉਂ ਨਾ ਸੁਣਾ ਦੇਣ ਜੋ ਉਹਨਾਂ ਦਾ ਲਿਖਿਆ ਨਹੀਂ ਸੀ।

ਇਤਿਹਾਸ ਦਾ ਗਲਤ ਬਿਰਤਾਂਤ ਸਿਰਜਣਾ ਵੀ ਸ਼ਹੀਦਾਂ ਦਾ ਅਪਮਾਨ ਹੀ ਹੁੰਦਾ ਹੈ।

हम भी आराम उठा सकते थे घर पर रह कर
हम को भी पाला था माँ-बाप ने दुख सह सह कर
वक़्त-ए-रुख़्सत उन्हें इतना भी न आए कह कर
गोद में आँसू कभी टपके जो रुख़ से बह कर...

ਇਹ ਰਾਮ ਪ੍ਰਸਾਦ ਬਿਸਮਿਲ ਦਾ ਲਿਖਿਆ ਹੈ। ਖੈਰ ਇੱਕ ਗੱਲ ਹੋਰ ਰਾਜਗੁਰੂ ਨੂੰ ਹਿੰਦੀ ਨਹੀਂ ਆਉਂਦੀ ਸੀ। ਉਹ ਮਰਾਠੀ ਬੋਲਦੇ ਸਨ।

ਕੁਝ ਇੰਝ ਦਾ ਹੀ ਸਰਦਾਰ ਊਧਮ ਫਿਲਮ ਵਾਰੀ ਵੀ ਵਾਪਰਿਆ। ਜਿਵੇਂ ਅੱਜ ਜਿਹੜੇ ਮਸਤਾਨੇ ਫ਼ਿਲਮ ਦੇ ਨਾਲ ਸਹਿਮਤੀ ਨਹੀਂ ਰੱਖਦੇ ਉਹ ਸਰਦਾਰ ਊਧਮ ਫਿਲਮ ਨਾਲ ਕੱਟੜ ਹੋਕੇ ਖੜ੍ਹੇ ਸਨ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਉਹਨਾਂ ਦਾ ਵਿਰੋਧ ਜੇ ਇਤਿਹਾਸਿਕ ਤੱਥਾਂ ਦੀ ਪੇਸ਼ਕਾਰੀ ਤੋਂ ਹੈ ਤਾਂ ਉਹਨਾਂ ਨੂੰ ਸਰਦਾਰ ਊਧਮ ਦਾ ਵਿਰੋਧ ਵੀ ਕਰਨਾ ਚਾਹੀਦਾ ਸੀ। ਜੇ ਮਸਤਾਨੇ ਦਾ ਵਿਰੋਧ ਹੈ ਅਤੇ ਸਰਦਾਰ ਊਧਮ ਫਿਲਮ ਨੂੰ ਹਮਾਇਤ ਹੈ ਤਾਂ ਇਹ ਅਜੀਬ ਹੈ। ਤੱਥਾਂ ਦਾ ਇਹੋ ਭਟਕਾ ਆਸ਼ੂਤੋਸ਼ ਗਵਾਰੀਕਰ ਦੀ ਫਿਲਮ ਪਾਨੀਪਤ ਵਿੱਚ ਵੀ ਸੀ।

ਖੈਰ ਸਰਦਾਰ ਊਧਮ ਫਿਲਮ ਵਿੱਚ ਜੋ ਪੇਸ਼ਕਾਰੀ ਹੈ ਉਹ ਸਿਨੇਮਾ ਦੇ ਸਿਨਾਮਈਕਰਨ ਤੋਂ ਤਾਂ ਵਡਿਆਈ ਹੋ ਸਕਦੀ ਹੈ ਪਰ ਇਤਿਹਾਸਕ ਕਸਵੱਟੀ ‘ਤੇ ਸਹੀ ਨਹੀਂ ਹੈ।

ਰਾਮ ਮੁਹੰਮਦ ਸਿੰਘ ਆਜ਼ਾਦ ਨਾਮ ਸੈਕੂਲਰ ਪਹੁੰਚ ਤੋਂ ਉਸਾਰੀ ਗੱਲ ਹੈ ਪਰ ਊਧਮ ਸਿੰਘ ਨੇ ਆਪਣਾ ਨਾਮ ਮੁੰਹਮਦ ਸਿੰਘ ਅਜ਼ਾਦ ਲਿਖਿਆ ਸੀ। ਰਾਮ ਨਾਮ ਮਹਿਜ਼ ਸੈਕੂਲਰ ਪਹੁੰਚ ਤੋਂ ਬਾਅਦ ਵਿੱਚ ਵਿਦਵਾਨਾਂ ਨੇ ਜੋੜ ਦਿੱਤਾ। ਸਿੰਕਦਰ ਸਿੰਘ,ਪ੍ਰੋ ਚਮਨ ਲਾਲ,ਡਾ ਨਵਤੇਜ ਸਿੰਘ ਹੁਣਾਂ ਦੀਆਂ ਕਿਤਾਬਾਂ ਅਤੇ ਮੰਡੀ ਗੋਬਿੰਦਗੜ੍ਹ ਸਰਦਾਰ ਊਧਮ ਸਿੰਘ ਦੇ ਮਿੱਤਰ ਪਰਿਵਾਰ ਕੋਲ ਪਈ ਫੋਟੋ ਤੋਂ ਮੁਹੰਮਦ ਸਿੰਘ ਆਜ਼ਾਦ ਨਾਮ ਦੀ ਹੀ ਪੁਸ਼ਟੀ ਹੁੰਦੀ ਹੈ।

ਇਹ ਗੱਲ ਸਭ ਤੋਂ ਪਹਿਲਾਂ ਇੰਗਲੈਂਡ ਦੇ ਚੰਨਣ ਸਿੰਘ ਚੰਨ ਨੇ ਫੈਲਾਈ ਸੀ। ਚੰਨਣ ਸਿੰਘ ਚੰਨ ਇਹੋ ਨਹੀਂ, ਉਹਨੇ ਬੇਬੇ ਨਾਨਕੀ ਦਾ ਕਢਾਈ ਕੀਤਾ ਰੁਮਾਲ,ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤੱਕ ਝੂਠੀ ਪ੍ਰਚਾਰਕੇ ਵੀ ਵੇਚੀ ਹੈ।

ਸਰਦਾਰ ਊਧਮ ਸਿੰਘ 1919 ‘ਚ ਪੱਛਮੀ ਅਫਰੀਕਾ ਸਨ ਜਦੋਂ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਾਕਾ ਵਾਪਰਿਆ। ਸਾਕੇ ਬਾਰੇ ਜਦੋਂ ਉਹਨਾਂ ਨੂੰ ਖ਼ਬਰ ਮਿਲੀ ਤਾਂ ਉਹ ਬਹੁਤ ਪਰੇਸ਼ਾਨ ਹੋਏ ਅਤੇ ਜੁਲਾਈ 1919 ਨੂੰ ਉਹ ਅੰਮ੍ਰਿਤਸਰ ਆਏ। ਇੱਥੇ ਆਕੇ ਉਹਨਾਂ ਸਾਕੇ ਬਾਰੇ ਪੂਰੀ ਤਫਤੀਸ਼ ਕੀਤੀ।

ਇਸ ਦੌਰਾਨ ਉਹ ਕਾਂਗਰਸ ਨੂੰ ਮਿਲੇ ਕਿ ਤੁਸੀ ਇਸ ਬਾਰੇ ਬਰਤਾਨਵੀ ਸਰਕਾਰ ਨੂੰ ਲੰਮੇ ਹੱਥੀ ਲਵੋ। ਕਾਂਗਰਸ ਨੇ ਭਰੋਸਾ ਦਵਾਇਆ ਕਿ ਆਉਂਦੇ ਸ਼ੈਸ਼ਨ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ। ਉਸ ਸਾਲ ਕਾਂਗਰਸ ਨੇ ਆਪਣੇ ਸ਼ੈਸ਼ਨ ਵਿੱਚ ਉਲਟਾ ਪੀੜਤ ਧਿਰ ਨੂੰ (ਜਿਵੇਂ ਕਿ ਅੱਜ ਕੱਲ੍ਹ ਹੁੰਦਾ ਹੈ) ਜ਼ਿੰਮੇਵਾਰ ਐਲਾਨ ਦਿੱਤਾ ਅਤੇ ਕਿਹਾ ਕਿ ਇੰਝ ਇੱਕਠ ਨਹੀਂ ਕਰਨਾ ਚਾਹੀਦਾ ਸੀ,ਜਾਨ ਜੋਖਿਮ ਵਿੱਚ ਪਾਈ ਆਦਿ ਆਦਿ

ਸਰਦਾਰ ਊਧਮ ਸਿੰਘ ਹਿੰਦੂਸਤਾਨ ਸੋਸ਼ਲਿਸਟ ਰਪਬਲਿਕ ਐਸੋਸਿਏਸ਼ਨ ਦੇ ਕਦੀ ਵੀ ਮੈਂਬਰ ਨਹੀਂ ਰਹੇ।ਸਰਦਾਰ ਊਧਮ ਸਿੰਘ 1927 ‘ਚ ਹਥਿਆਰ ਅਤੇ ਗਦਰ ਦੀਆਂ ਗੂੰਜਾਂ ਸਾਹਿਤ ਸਮੇਤ ਗ੍ਰਿਫਤਾਰ ਹੋ ਗਏ।1931 ‘ਚ ਉਹ ਭਗਤ ਸਿੰਘ ਦੀ ਸ਼ਹੀਦੀ ਤੋਂ ਚਾਰ ਮਹੀਨੇ ਬਾਅਦ ਰਿਹਾ ਹੋਏ।

ਉਹ ਭਗਤ ਸਿੰਘ ਨੂੰ ਕਦੀ ਨਹੀਂ ਮਿਲੇ। ਇਹ ਜ਼ਰੂਰ ਹੈ ਕਿ ਉਹ ਭਗਤ ਸਿੰਘ ਦਾ ਬਹੁਤ ਸਤਕਾਰ ਕਰਦੇ ਸਨ ਅਤੇ ਮੁਲਤਾਨ ਜੇਲ੍ਹ ‘ਚ ਉਹਨਾਂ ਦੇ ਕਿੱਸੇ ਜ਼ਰੂਰ ਸੁਣੇ ਸਨ।

ਕਾਂਗਰਸ ਤੋਂ ਇਲਾਵਾ ਸਰਦਾਰ ਊਧਮ ਸਿੰਘ ਨੇ ਗਦਰੀਆਂ ਨਾਲ ਵੀ ਸਪੰਰਕ ਕੀਤਾ ਸੀ। ਗਦਰ ਲਹਿਰ ਹਥਿਆਰਬੰਦ ਸੰਘਰਸ਼ ਵਿੱਚ ਵਿਸ਼ਵਾਸ਼ ਰੱਖਦੀ ਸੀ ਪਰ ਰੂਸ ਕ੍ਰਾਂਤੀ ਤੋਂ ਬਾਅਦ ਉਹਨਾਂ ਵੀ ਲੋਕ ਲਹਿਰ ਬਣਾਉਣ ਅਤੇ ਪੜ੍ਹਣ ਲਿਖਣ ਅਤੇ ਰੂਸੀ ਕ੍ਰਾਂਤੀ ਦੀ ਤਰਜ਼ ‘ਤੇ ਸੰਘਰਸ਼ ਦਾ ਰਾਹ ਕਬੂਲ ਕੀਤਾ।

ਸੋ ਸਰਦਾਰ ਊਧਮ ਸਿੰਘ ਇਸ ਪੱਖ ਤੋਂ ਵੀ ਖਾਸ ਹਨ ਕਿ ਉਹਨਾਂ ਨੇ ਮਾਈਕਲ ਓਡਵਾਇਰ ਨੂੰ ਮਾਰਨ ਦੀ ਵਿਉਂਤਬੰਦੀ ਇੱਕਲਿਆ ਕੀਤੀ ਅਤੇ ਇਹਨੂੰ ਅੰਜਾਮ ਦਿੱਤਾ।

ਇੱਥੇ ਸ਼ਹਾਦਤ ਦੇ ਰੱਸੇ ਸ਼ਹੀਦ ਊਧਮ ਸਿੰਘ ਜਹੇ ਮੁਹੱਬਤ ਵਿਚ ਇੱਕਲਿਆਂ ਹੀ ਚੁੰਮ ਜਾਂਦੇ ਹਨ। ਇਹ ਪੰਜਾਬ ਹੈ। ਆਖ਼ਰੀ ਗੱਲ ਸ਼ਹੀਦ ਊਧਮ ਸਿੰਘ ਹੀਰ ਗਾਉਂਦਾ ਜ਼ਰੂਰ ਸੀ ਪਰ ਉਹਨੇ ਅਦਾਲਤ ਵਿੱਚ ਹੀਰ ਦੀ ਸਹੁੰ ਨਹੀਂ ਚੁੱਕੀ ਸੀ। ਬਹੁਤਿਆਂ ਨੇ ਊਧਮ ਸਿੰਘ ਦੇ ਬਹਾਨੇ ਆਪਣੇ ਸੀਨੇ ਠਾਰਨ ਲਈ ਜੁਗਾਲੀਆਂ ਕੀਤੀਆਂ ਹਨ।

Scroll to Top