ਲੁਧਿਆਣਾ, 30 ਮਾਰਚ 2023: ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲਿਸ ਚੌਕੀ ਇੰਚਾਰਜ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ, ਲੁਧਿਆਣਾ ਪੁਲਿਸ (Ludhiana police) ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਪੁਲਿਸ ਥਾਣਾ ਸ਼ਿਮਲਾਪੁਰੀ ਵਲੋਂ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ |
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਥਾਣਾ ਸ਼ਿਮਲਾਪੁਰੀ ਨੇ ਦੋ ਮੋਟਰਸਾਈਕਲ ਸਵਾਰ ਮੁਲਜ਼ਮਾਂ ਅੰਮ੍ਰਿਤਪਾਲ ਸਿੰਘ ਉਰਫ਼ ਚੀਨੂ ਅਤੇ ਪਰਵਿੰਦਰ ਕੁਮਾਰ ਉਰਫ਼ ਵਿੱਕੀ ਧਵਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜੋ ਕਿ ਜਲੰਧਰ ਤੋਂ ਲੁਧਿਆਣਾ ਵੱਲ ਆ ਰਹੇ ਸਨ।
ਪੁੱਛਗਿੱਛ ਦੌਰਾਨ ਇਕ ਮੁਲਜ਼ਮ ਅੰਮ੍ਰਿਤਪਾਲ ਨੇ ਦੱਸਿਆ ਕਿ ਉਸਨੂੰ ਚੌਂਕੀ ਬਸੰਤ ਪਾਰਕ ਦੇ ਇੰਚਾਰਜ ਏ.ਐੱਸ.ਆਈ ਜਰਨੈਲ ਸਿੰਘ ਨੇ 1 ਗ੍ਰਾਮ ਹੈਰੋਇਨ ਸਮੇਤ ਫੜਿਆ ਸੀ ਪਰ 70 ਹਜ਼ਾਰ ਰੁਪਏ ਵਿੱਚ ਮਾਮਲਾ ਰਫਾ-ਦਫਾ ਹੋਣ ‘ਤੇ ਉਸ ਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਏ.ਐਸ.ਆਈ ਦੇ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।