PPCC

ਲਾਲੜੂ ਵਿਖੇ ਕਲੋਰੀਨ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ‘ਚ ਆਈ ਦਿੱਕਤ

ਡੇਰਾਬੱਸੀ, 04 ਜੁਲਾਈ 2023: ਲਾਲੜੂ (Lalru) ਦੇ ਪਿੰਡ ਚੌਦਹੇੜੀ ਵਿਖੇ ਬੀਤੇ ਦਿਨ ਦੁਪਹਿਰ ਸਮੇਂ ਰਿਹਾਇਸ਼ੀ ਇਲਾਕੇ ਵਿੱਚ ਕਲੋਰੀਨ ਗੈੱਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਹ ਗੈਸ ਟਿਊਬਵੈਲ ‘ਤੇ ਪਏ ਕਰੀਬ 10 ਸਾਲ ਪੁਰਾਣੇ ਸਿਲੰਡਰ ਵਿਚੋਂ ਲੀਕ ਹੋਈ। ਅਚਾਨਕ ਗੈਸ ਲੀਕ ਹੋਣ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਅਤੇ ਅੱਖਾਂ ਵਿੱਚ ਜਲਣ ਹੋਣੀ ਸ਼ੁਰੂ ਹੋ ਗਈ। ਰਿਹਾਇਸ਼ ਖੇਤਰ ਵਿੱਚ ਗੈਸ ਲੀਕ ਹੋਣ ਕਰਕੇ ਪਿੰਡ ਵਿੱਚ ਭਾਜੜਾ ਪੈ ਗਈ ਅਤੇ ਲੋਕ ਬੱਚਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਨਿਕਲ ਗਏ। ਗੈਸ ਦੀ ਲਪੇਟ ਵਿੱਚ ਛੋਟੇ ਛੋਟੇ ਬੱਚਿਆਂ ਸਮੇਤ ਦੋ ਦਰਜਨ ਲੋਕਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਲ ਸੀ, ਜਿਸਨੂੰ ਚੰਡੀਗ੍ਹੜ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਹਸਪਤਾਲ ਪਹੁੰਚੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਪਾਣੀ ਦੇ ਟਿਊਬਵੈਲ ਦੀ ਮੋਟਰ ਖ਼ਰਾਬ ਹੋਣ ‘ਤੇ ਉਸਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅੰਦਰ ਪਿਆ ਕਲੋਰੀਨ ਗੈਸ ਵਾਲਾ ਕਰੀਬ 10 ਸਾਲ ਪੁਰਾਣਾ ਸਿਲੰਡਰ ਠੇਕੇਦਾਰ ਵੱਲੋਂ ਬਾਹਰ ਕੱਢ ਕੇ ਰੱਖ ਦਿੱਤਾ, ਜੋ ਲੀਕ ਹੋਣ ਲੱਗ ਪਿਆ। ਹੋਲੀ ਹੋਲੀ ਗੈਸ ਫੈਲਣ ਲੱਗੀ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ । ਸੂਚਨਾ ਮਿਲਣ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ਤੇ ਪਹੁੰਚ ਕੇ ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਇਆ । ਕਲੋਰੀਨ ਗੈਸ ਵਾਲੇ ਸਿਲੰਡਰ ਨੂੰ ਪਾਣੀ ਵਾਲੇ ਟੋਏ ਵਿੱਚ ਡੁਬੋ ਕੇ ਗੈਸ ਦਾ ਪ੍ਰਭਾਵ ਰੋਕਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ।

Scroll to Top