ਲਿਖਾਰੀ
ਪਰਗਟ ਸਿੰਘ
ਜੀਵੇ ਸਾਂਝਾ ਪੰਜਾਬ
ਗੁਰਦੁਆਰਾ ਪਹਿਲੀ ਪਾਤਸ਼ਾਹੀ, ਟਿੱਬਾ ਨਾਨਕਸਰ, ਪਾਕਪੱਤਣ, ਲਹਿੰਦਾ ਪੰਜਾਬ, ਜਿਸ ਗੁਰਦੁਆਰਾ ਸਾਹਿਬ ਦੀ ਸੰਭਾਲ ਇੱਕ ਮੌਲਵੀ ਵੱਲੋਂ ਕੀਤੀ ਜਾਂਦੀ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਡੇਢ ਕੁ ਕਿਲੋਮੀਟਰ ਦੇ ਫ਼ਾਸਲੇ ਤੇ ਪਿੰਡ ਮਹੱਦੀਆਂ ਵਿੱਚ ਗੁਰਦੁਆਰਾ ਮਸਤਗੜ੍ਹ ਸਾਹਿਬ ਹੈ। ਇਥੋਂ ਪੈਦਲ ਤੁਰ ਕੇ ਵੀ ਗੁਰਦੁਆਰਾ ਸਾਹਿਬ ਤੱਕ ਜਾਇਆ ਜਾ ਸਕਦਾ ਹੈ। ਜਦੋਂ ਅਸੀਂ ਇਸ ਅਸਥਾਨ ਤੱਕ ਪਹੁੰਚਦੇ ਹਾਂ, ਤਾਂ ਗੁਰਦੁਆਰਾ ਸਾਹਿਬ ਦੇ ਨਾਲ ਉਸੇ ਵਿਹੜੇ ਵਿੱਚ ਇਹ ਮਸੀਤ ਦਿਖਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਮਸੀਤ ਮੁਗਲਾਂ ਵੇਲੇ ਦੀ ਹੈ, ਕਰੀਬ 350 ਤੋਂ 400 ਸਾਲ ਪੁਰਾਣੀ।
(ਚਿੱਟੀਆਂ ਮਸਜਿਦਾਂ) image: jeevay sanjha Punjab
ਵੰਡ ਤੋਂ ਪਹਿਲਾਂ ਤੱਕ ਇਸ ਇਲਾਕੇ ਵਿੱਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ। ਪਰ ਵੰਡ ਮਗਰੋਂ ਉਹ ਪ੍ਰਵਾਸ ਕਰਕੇ ਲਹਿੰਦੇ ਪੰਜਾਬ (ਪਾਕਿਸਤਾਨ) ਚਲੇ ਗਏ। ਕਈ ਸਾਲਾਂ ਤੱਕ ਮਸੀਤ ਵੀਰਾਨ ਪਈ ਰਹੀ। ਫ਼ਿਰ ਇੱਕ ਦਿਨ ਇਸ ਪਾਸੇ ਬਾਬਾ ਅਰਜਨ ਸਿੰਘ ਆਏ ਅਤੇ ਉਨ੍ਹਾਂ ਨੇ ਇਸ ਖ਼ਾਲੀ ਪਈ ਮਸੀਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਸਾਹਿਬ ਬਣਾ ਲਿਆ। ਹੌਲੀ ਹੌਲੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੱਖਰੀ ਬਣਾ ਲਈ ਅਤੇ ਇਸ ਮਸੀਤ ਨੂੰ ਮਸੀਤ ਦੇ ਹੀ ਰੂਪ ਵਿੱਚ ਸਾਂਭ ਲਿਆ ਗਿਆ।
(ਇੱਕੋ ਵਿਹੜੇ ਵਿੱਚ ਗੁਰਦੁਆਰਾ ਮਸਤਗੜ੍ਹ ਸਾਹਿਬ ਅਤੇ ਮਸੀਤ) image: jeevay sanjha Punjab
ਪਰਗਟ ਸਿੰਘ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹੀ ਮਸੀਤ ਦੀ ਸਾਂਭ ਸੰਭਾਲ ਕਰਦੇ ਹਨ। ਜਦੋਂ ਅਸੀਂ ਇਸ ਅਸਥਾਨ ‘ਤੇ ਗਏ, ਤਾਂ ਗ੍ਰੰਥੀ ਸਿੰਘ ਕਿਤੇ ਬਾਹਰ ਗਏ ਹੋਏ ਸਨ। ਉਨ੍ਹਾਂ ਦੇ ਬੇਟੇ ਹਰਸ਼ਦੀਪ ਸਿੰਘ ਨਾਲ ਸਾਡੀ ਗੱਲਬਾਤ ਹੋਈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਮੁਸਲਮਾਨ ਕਦੇ ਕਦਾਈਂ ਹੀ ਆਉਂਦੇ ਹਨ, ਪਰ ਉਹ ਰੱਬ ਦਾ ਘਰ ਸਮਝ ਕੇ ਇਸ ਅਸਥਾਨ ਦੀ ਸਾਂਭ ਸੰਭਾਲ ਕਰਦੇ ਰਹਿੰਦੇ ਹਨ।
(ਗੁਰਦੁਆਰਾ ਪਹਿਲੀ ਪਾਤਸ਼ਾਹੀ, ਟਿੱਬਾ ਨਾਨਕਸਰ, ਪਾਕਪੱਤਣ) image: jeevay sanjha Punjab
ਮੈਨੂੰ ਪਾਕਪੱਤਣ ਜ਼ਿਲ੍ਹੇ ਦੇ ਪਿੰਡ ਟਿੱਬਾ ਨਾਨਕਸਰ ਵਿਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਦਾ ਚੇਤਾ ਆਇਆ। ਉਹ ਅਸਥਾਨ, ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਫ਼ਰੀਦ ਜੀ ਦੇ 12 ਵੇਂ ਗੱਦੀ ਨਸ਼ੀਨ ਸ਼ੇਖ ਇਬ੍ਰਾਹਿਮ ਜੀ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਸੀ। ਜਦੋਂ ਸਿੱਖ ਲਹਿੰਦੇ ਵੱਲੋਂ ਪ੍ਰਵਾਸ ਕਰਕੇ ਇੱਧਰ ਆ ਗਏ ਤੇ ਇੱਕ ਮੁਸਲਮਾਨ ਪਰਿਵਾਰ ਉਧਰ ਜਾ ਕੇ ਵੱਸਿਆ ਸੀ।
(ਟਿੱਬਾ ਨਾਨਕਸਰ ਦੀ ਸਾਂਭ ਸੰਭਾਲ ਕਰਨ ਵਾਲੇ ਮੌਲਵੀ ਨਾਲ ਯਾਦਗਾਰੀ ) image: jeevay sanjha Punjab
ਉਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕੀਤੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਹੁਣ ਪੋਤਰਾ ਇਹ ਸਾਂਭ ਸੰਭਾਲ ਕਰਦਾ ਹੈ। ਉਨ੍ਹਾਂ ਨਾਲ ਜਦੋਂ ਅਸੀ ਗੱਲ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਕਈ ਵਾਰੀ ਸ਼ਰਾਰਤੀ ਲੋਕਾਂ ਵੱਲੋਂ ਇਸ ਅਸਥਾਨ ਨੂੰ ਢਾਹੁਣ ਦੀ ਕੋਸ਼ਿਸ਼ ਹੋਈ ਹੈ। ਪਰ ਉਹ ਢਾਹੁਣ ਨਹੀਂ ਦਿੰਦੇ। ਕਹਿੰਦੇ ਹਨ, ਅਸੀਂ ਜੋ ਵੀ ਹਾਂ ਗੁਰੂ ਸਾਹਿਬ ਕਰਕੇ ਹੀ ਹਾਂ। ਗੁਰੂ ਸਹਿਨ ਦੀ ਉਹ ਪਾਵਨ ਯਾਦਗਾਰ ਇੱਕ ਮੌਲਵੀ ਨੇ ਬਚਾ ਕੇ ਰੱਖੀ ਹੋਈ ਹੈ। ਇਹ ਕੁਝ ਉਦਾਹਰਣਾਂ ਹਨ ਪੰਜਾਬ ਦੀਆਂ, ਪੰਜਾਬ ਆਬਾਂ ਦੀ ਧਰਤੀ ਅਤੇ ਇਸ ਦੇ ਜਾਏ ਇਸੇ ਕਰਕੇ ਵਿਲੱਖਣ ਹਨ।