ਚੰਡੀਗ੍ਹੜ,16 ਸਤੰਬਰ 2023: ਚੀਨ (china) ਦੇ ਰੱਖਿਆ ਮੰਤਰੀ ਲੀ ਸ਼ਾਂਗਫੂ ਪਿਛਲੇ 3 ਹਫਤਿਆਂ ਤੋਂ ਲਾਪਤਾ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਸ਼ਾਂਗਫੂ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਹਨ । ਸ਼ਾਂਗਫੂ ਫੌਜੀ ਹਥਿਆਰਾਂ ਦੀ ਖਰੀਦ ਨਾਲ ਜੁੜੇ ਮਾਮਲਿਆਂ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਅਮਰੀਕੀ ਸਰਕਾਰ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਂਗਫੂ ਨੂੰ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਸੀਐਨਐਨ ਦੇ ਮੁਤਾਬਕ ਜਦੋਂ ਸ਼ੁੱਕਰਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੂੰ ਸ਼ਾਂਗਫੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਗਫੂ ਕਿੱਥੇ ਹਨ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।
ਅਮਰੀਕੀ ਮੀਡੀਆ ਵਾਲ ਸਟਰੀਟ ਜਰਨਲ ਨੇ ਇਕ ਚੀਨੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰੀ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਦੂਜੇ ਪਾਸੇ ਜਾਪਾਨ ਵਿੱਚ ਮੌਜੂਦ ਅਮਰੀਕੀ ਰਾਜਦੂਤ ਇਮੈਨੁਅਲ ਨੇ ਸ਼ਾਂਗਫੂ ਦੇ ਘਰ ਵਿੱਚ ਨਜ਼ਰਬੰਦ ਹੋਣ ਦੀ ਸੰਭਾਵਨਾ ਜਤਾਈ ਹੈ। ਸ਼ਾਂਗਫੂ 7-8 ਸਤੰਬਰ ਨੂੰ ਵੀਅਤਨਾਮ ਅਤੇ ਸਿੰਗਾਪੁਰ ਨਾਲ ਮੀਟਿੰਗਾਂ ਤੋਂ ਗਾਇਬ ਸੀ।
ਉਨ੍ਹਾਂ ਨੂੰ ਆਖ਼ਰੀ ਵਾਰ 29 ਅਗਸਤ ਨੂੰ ਬੀਜਿੰਗ ਵਿੱਚ ਅਫਰੀਕੀ ਦੇਸ਼ਾਂ ਦੇ ਨਾਲ ਇੱਕ ਸੁਰੱਖਿਆ ਫੋਰਮ ਵਿੱਚ ਭਾਸ਼ਣ ਦਿੰਦੇ ਹੋਏ ਦੇਖਿਆ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਉਹ ਰੂਸ ਅਤੇ ਬੇਲਾਰੂਸ ਵੀ ਗਏ ਸਨ। ਸ਼ਾਂਗਫੂ ਵਾਂਗ ਚੀਨ (china) ਦੇ ਵਿਦੇਸ਼ ਮੰਤਰੀ ਕਿਆਨ ਗੈਂਗ ਵੀ ਜੁਲਾਈ ‘ਚ ਲੰਬੇ ਸਮੇਂ ਤੋਂ ਲਾਪਤਾ ਹੋ ਗਏ ਸਨ। ਬਾਅਦ ਵਿਚ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਦਰਅਸਲ, ਜੁਲਾਈ ਵਿੱਚ ਚੀਨ ਦੇ ਰੱਖਿਆ ਮੰਤਰਾਲੇ ਵਿੱਚ ਹਥਿਆਰਾਂ ਦੀ ਖਰੀਦ ਯੂਨਿਟ ਨੇ ਇੱਕ ਨੋਟਿਸ ਜਾਰੀ ਕੀਤਾ ਸੀ। ਇਸ ਵਿੱਚ ਹਥਿਆਰਾਂ ਦੀ ਖਰੀਦ ਲਈ ਬੋਲੀ ਪ੍ਰਕਿਰਿਆ ਵਿੱਚੋਂ ਬੇਨਿਯਮੀਆਂ ਨੂੰ ਦੂਰ ਕਰਨ ਦੀ ਗੱਲ ਕਹੀ ਗਈ ਸੀ। ਯੂਨਿਟ ਨੇ ਜਨਤਕ ਤੌਰ ‘ਤੇ ਅਜਿਹੀਆਂ ਰਿਪੋਰਟਾਂ ਮੰਗੀਆਂ ਸਨ ਜਿਨ੍ਹਾਂ ਵਿੱਚ ਗਲਤੀਆਂ ਦੇ ਸਬੂਤ ਸਨ।
ਇਹ ਰਿਪੋਰਟ ਅਕਤੂਬਰ 2017 ਦੇ ਆਸ-ਪਾਸ ਮੰਗੀ ਗਈ ਸੀ। ਉਸ ਸਮੇਂ ਲੀ ਸ਼ਾਂਗਫੂ ਹਥਿਆਰਾਂ ਦੀ ਖਰੀਦਦਾਰੀ ਵਿਭਾਗ ਦੇ ਮੁਖੀ ਸਨ। ਉਹ ਅਕਤੂਬਰ 2022 ਤੱਕ ਇਸ ਅਹੁਦੇ ‘ਤੇ ਸਨ। ਰਾਇਟਰਜ਼ ਮੁਤਾਬਕ ਇਸ ਯੂਨਿਟ ਦੇ 8 ਹੋਰ ਅਧਿਕਾਰੀਆਂ ਦੇ ਨਾਂ ਵੀ ਜਾਂਚ ਵਿੱਚ ਸ਼ਾਮਲ ਹਨ।