Rahul Gandhi

ਚੀਨ ਨੇ ਭਾਰਤ ਦੀ ਹਜ਼ਾਰਾਂ ਕਿੱਲੋਮੀਟਰ ਜ਼ਮੀਨ ਖੋਹੀ, ਭਾਜਪਾ ਸਰਕਾਰ ਝੂਠੀ: ਰਾਹੁਲ ਗਾਂਧੀ

ਚੰਡੀਗੜ੍ਹ, 25 ਅਗਸਤ 2023: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਲੱਦਾਖ ਦੌਰੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਕਾਰਗਿਲ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਲੱਦਾਖ ਦੌਰੇ ਦੇ ਆਖਰੀ ਪੜਾਅ ‘ਚ ਰਾਹੁਲ ਗਾਂਧੀ ਨੇ ਕਾਰਗਿਲ ‘ਚ ਭਾਜਪਾ ‘ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਲੱਦਾਖ ਦੇ ਲੋਕਾਂ ਦੀ ਜ਼ਮੀਨ ਖੋਹ ਕੇ ਅਡਾਨੀ ਗਰੁੱਪ ਨੂੰ ਦੇਣਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਹੀ ਕਾਰਨ ਹੈ ਕਿ ਭਾਜਪਾ ਸਰਕਾਰ ਲੱਦਾਖੀ ਲੋਕਾਂ ਨੂੰ ਸਹੀ ਨੁਮਾਇੰਦਗੀ ਨਹੀਂ ਦਿੰਦੀ ਕਿਉਂਕਿ ਉਸ ਤੋਂ ਬਾਅਦ ਉਹ ਸਥਾਨਕ ਲੋਕਾਂ ਦੀ ਜ਼ਮੀਨ ਨਹੀਂ ਲੈ ਸਕਣਗੇ। ਪਰ ਕਾਂਗਰਸ ਅਜਿਹਾ ਕਦੇ ਨਹੀਂ ਹੋਣ ਦੇਵੇਗੀ।

ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਲੱਦਾਖ ਇੱਕ ਰਣਨੀਤਿਕ ਸਥਾਨ ਹੈ… ਇੱਕ ਗੱਲ ਸਾਫ਼ ਹੈ ਕਿ ਚੀਨ ਨੇ ਭਾਰਤ ਦੀ ਹਜ਼ਾਰਾਂ ਕਿੱਲੋਮੀਟਰ ਜ਼ਮੀਨ ਖੋਹ ਲਈ ਹੈ… ਦੁੱਖ ਦੀ ਗੱਲ ਹੈ ਕਿ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੀਨ ਨੇ ਲੱਦਾਖ ਦਾ ਇੱਕ ਇੰਚ ਵੀ ਨਹੀਂ ਖੋਹਿਆ, ਇਹ ਸਰਾਸਰ ਝੂਠ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਲੱਦਾਖ ‘ਚ ਚੀਨ ਭਾਰਤੀ ਖੇਤਰ ‘ਚ ਘੇਰਾਬੰਦੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਭਾਰਤ ਜੋੜੋ ਯਾਤਰਾ ਲੱਦਾਖ ਨਹੀਂ ਪਹੁੰਚ ਸਕੀ।

ਉਨ੍ਹਾਂ (Rahul Gandhi) ਕਿਹਾ ਕਿ ਕੁਝ ਮਹੀਨੇ ਪਹਿਲਾਂ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਗਏ ਸੀ, ਜਿਸ ਦਾ ਨਾਂ ‘ਭਾਰਤ ਜੋੜੋ ਯਾਤਰਾ’ ਰੱਖਿਆ ਗਿਆ ਹੈ। ਸਾਡਾ ਟੀਚਾ ਭਾਜਪਾ-ਆਰਐਸਐਸ ਦੁਆਰਾ ਦੇਸ਼ ਵਿੱਚ ਫੈਲਾਈ ਜਾ ਰਹੀ ਨਫ਼ਰਤ ਅਤੇ ਹਿੰਸਾ ਦੇ ਵਿਰੁੱਧ ਡਟਣਾ ਸੀ | ਯਾਤਰਾ ਦਾ ਸੰਦੇਸ਼ ਸੀ- ‘ਨਫਰਤ ਕੇ ਬਾਜ਼ਾਰ ਮੇਂ ਹਮ ਮੁਹੱਬਤ ਕੀ ਦੁਕਾਨ ਖੋਲਨੇ ਨਿਕਲੇ ਹੈ’, ਇਹ ਤੁਹਾਡੀ ਵੀ ਸੋਚ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਮੈਂ ਇਸਨੂੰ ਖੁਦ ਦੇਖਿਆ ਹੈ। ਸਰਦੀਆਂ ਵਿੱਚ ਬਰਫਬਾਰੀ ਹੋਣ ਕਾਰਨ ਮੈਂ ਲੱਦਾਖ ਨਹੀਂ ਜਾ ਸਕਿਆ ਸੀ, ਲੱਦਾਖ ਦੀ ਯਾਤਰਾ ਕਰਨਾ ਮੇਰੇ ਦਿਲ ਵਿੱਚ ਸੀ ਅਤੇ ਇਸ ਵਾਰ ਮੈਂ ਮੋਟਰਸਾਈਕਲ ‘ਤੇ ਅੱਗੇ ਹੋ ਗਿਆ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਭਾਜਪਾ ਨੇ ਵੀ ਜਵਾਬੀ ਪਲਟਵਾਰ ਕੀਤਾ ਹੈ | ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਆਖ਼ਿਰ ਰਾਹੁਲ ਨੂੰ ਇਹ ਸਾਰੀ ਜਾਣਕਾਰੀ ਦਿੰਦਾ ਕੌਣ ਹੈ ?। ਚੀਨ ਨਾਲ ਉਨ੍ਹਾਂ ਦਾ ਕੀ ਸਬੰਧ ਹੈ? ਉਹ ਹਮੇਸ਼ਾ ਬੇਬੁਨਿਆਦ ਗੱਲਾਂ ਕਟਦੇ ਹਨ |
ਕਾਰਗਿਲ ‘ਚ ਲੱਦਾਖ ਦੌਰੇ ਦੀ ਸਮਾਪਤੀ ਤੋਂ ਬਾਅਦ ਰਾਹੁਲ ਸ਼੍ਰੀਨਗਰ ਲਈ ਰਵਾਨਾ ਹੋ ਗਏ। ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ। ਸੋਨੀਆ ਗਾਂਧੀ ਵੀ ਸ਼ਨੀਵਾਰ ਨੂੰ ਸ਼੍ਰੀਨਗਰ ਪਹੁੰਚ ਜਾਵੇਗੀ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ, ਇਹ ਉਨ੍ਹਾਂ ਦਾ ਪਰਿਵਾਰਕ ਦੌਰਾ ਹੈ। ਇਸ ਦੌਰਾਨ ਉਹ ਕੋਈ ਸਿਆਸੀ ਮੀਟਿੰਗ ਨਹੀਂ ਕਰਨਗੇ।

Scroll to Top