July 7, 2024 10:31 am
China Dor

ਚਾਈਨਾ ਡੋਰ ਨੇ 4 ਸਾਲਾ ਬੱਚੇ ਦਾ ਵੱਢਿਆ ਚਿਹਰਾ, ਡਾਕਟਰਾਂ ਨੂੰ 70 ਟਾਂਕੇ ਲਗਾ ਕੇ ਕਰਨੀ ਪਈ ਪਲਾਸਟਿਕ ਸਰਜਰੀ

ਸਮਰਾਲਾ 14 ਜਨਵਰੀ 2023: ਲੋਹੜੀ ਵਾਲੇ ਦਿਨ ਸਮਰਾਲਾ ਵਿਖੇ 4 ਸਾਲ ਦੇ ਇੱਕ ਮਾਸੂਮ ਬੱਚੇ ਦੀ ਚਾਈਨਾ ਡੋਰ ਵਿੱਚ ਫੱਸ ਜਾਣ ਕਾਰਨ ਉਸ ਦਾ ਚਿਹਰਾ ਬੁਰੀ ਤਰਾਂ ਜ਼ਖਮੀ ਹੋਣ ’ਤੇ ਉਸ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਇਹ ਬੱਚਾ ਹਰਜੋਤ ਸਿੰਘ ਲੋਹੜੀ ਦਾ ਤਿਉਹਾਰ ਹੋਣ ਕਾਰਨ ਆਪਣੇ ਮਾਤਾ-ਪਿਤਾ ਨਾਲ ਕਾਰ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਰਾਲਾ ਵਿਖੇ ਆਪਣੇ ਘਰ ਪਰਤ ਰਿਹਾ ਸੀ।

ਜਦੋਂ ਪਿੰਡ ਚਹਿਲਾ ਨੇੜੇ ਅਚਾਨਕ ਜਿਵੇਂ ਹੀ ਚੱਲਦੀ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਆਸਮਾਨ ਵਿੱਚ ਉੱਡਦੀਆਂ ਪੰਤਗਾਂ ਵੇਖਣ ਲਈ ਇਸ ਬੱਚੇ ਨੇ ਆਪਣਾ ਸਿਰ ਬਾਹਰ ਕੱਢਿਆ ਤਾਂ ਉਸ ਦਾ ਚਿਹਰਾ ਬਾਹਰ ਹਵਾ ’ਚ ਲਹਿਰਾ ਰਹੀ ਚਾਈਨਾ ਡੋਰ ਵਿੱਚ ਫੱਸ ਗਿਆ। ਇਸ ਘਟਨਾ ’ਚ ਬੱਚਾ ਬੁਰੀ ਤਰਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਲੁਧਿਆਣਾ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆ ਮਾਪੇ ਆਪਣੇ ਬੱਚੇ ਨੂੰ ਡੀ.ਐੱਮ.ਸੀ. ਹਸਪਤਾਲ ਲੈ ਗਏ।

ਬੱਚੇ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਸੂਮ ਪੁੱਤਰ ਦਾ ਚਿਹਰਾ ਇੰਨੀ ਬੁਰੀ ਤਰਾਂ ਨਾਲ ਡੋਰ ਨੇ ਵੱਡ ਦਿੱਤਾ ਹੈ ਕਿ ਡਾਕਟਰਾਂ ਨੇ ਪਹਿਲਾ ਤਾਂ 70 ਤੋਂ ਵੀ ਵੱਧ ਟਾਂਕੇ ਲਗਾਏ। ਪ੍ਰੰਤੂ ਬੱਚੇ ਦੀ ਹਾਲਤ ਨੂੰ ਵੇਖਦਿਆ ਰਾਤ ਨੂੰ ਹੀ ਡਾਕਟਰਾਂ ਨੂੰ ਉਸ ਦੇ ਬੱਚੇ ਦੀ ਸਰਜਰੀ ਤੱਕ ਕਰਨੀ ਪਈ ਹੈ। ਹਰਜੋਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਚਾਈਨਾ ਡੋਰ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ।

ਦੂਜੇ ਪਾਸੇ ਬੀਤੀ ਦਿਨ ਵਾਪਰੀ ਇਸ ਘਟਨਾ ’ਤੇ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੂਰੀ ਸਖ਼ਤੀ ਵਰਤੀ ਗਈ ਸੀ। ਇਸ ਜਾਨਲੇਵਾ ਡੋਰ ਨਾਲ ਪੰਤਗ ਉਡਾਉਣ ਵਾਲਿਆਂ ’ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ। ਸਮਰਾਲਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਐਡਵੋਕੇਟ ਗਗਨਦੀਪ ਸ਼ਰਮਾ ਨੇ ਸਮਰਾਲਾ ਵਿੱਚ ਵਿਕ ਰਹੀ ਚਾਇਨਾ ਡੋਰ ਤੇ ਸਵਾਲ ਖੜ੍ਹੇ ਕੀਤੇ।