July 3, 2024 2:40 am
China

China: ਨਵੇਂ ਸੀਕਰੇਟ ਮਿਸ਼ਨ ‘ਚ ਲੱਗਾ ਚੀਨ, ਜ਼ਮੀਨ ‘ਚ ਪੁੱਟ ਰਿਹੈ 10 ਕਿੱਲੋਮੀਟਰ ਡੂੰਘਾ ਟੋਆ !

ਚੰਡੀਗੜ੍ਹ, 31 ਮਈ 2023: ਚੀਨ (China) ਅਕਸਰ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਚੀਨ ਦੀ ਚਰਚਾ ਹੋ ਰਹੀ ਹੈ। ਦਰਅਸਲ, ਇਕ ਗੁਪਤ ਮਿਸ਼ਨ ਤਹਿਤ ਚੀਨ ਜ਼ਮੀਨ ਦੇ ਹੇਠਾਂ 10 ਕਿੱਲੋਮੀਟਰ ਡੂੰਘਾ ਟੋਆ ਪੁੱਟ ਰਿਹਾ ਹੈ। ਚੀਨ ਨੇ ਆਪਣੇ ਮਿਸ਼ਨ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਚੀਨ ਊਰਜਾ ਅਤੇ ਖਣਿਜਾਂ ਦੀ ਖੋਜ ਕਰ ਰਿਹਾ ਹੈ।

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੇ ਮੰਗਲਵਾਰ ਤੋਂ ਆਪਣੇ ਸ਼ਿਨਜਿਆਂਗ ਸੂਬੇ ‘ਚ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚੀਨ ਗੋਬੀ ਰੇਗਿਸਤਾਨ ਵਿੱਚ ਆਪਣੇ ਸੈਟੇਲਾਈਟ ਲਾਂਚ ਸੈਂਟਰ ਤੋਂ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜ ਚੁੱਕਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਚੀਨੀ ਖੁਦਾਈ ਧਰਤੀ ਦੀ ਕ੍ਰੀਟੇਸੀਅਸ ਪ੍ਰਣਾਲੀ ਦੀ ਪਰਤ ਤੱਕ ਜਾਵੇਗੀ, ਜਿੱਥੇ ਲਗਭਗ 145 ਮਿਲੀਅਨ ਸਾਲ ਪੁਰਾਣੀ ਚੱਟਾਨਾਂ ਹਨ। ਇਹ ਪ੍ਰੋਜੈਕਟ ਬਹੁਤ ਮੁਸ਼ਕਲ ਦੱਸਿਆ ਜਾ ਰਿਹਾ ਹੈ।

ਚੀਨ (China) ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਚੀਨ ਇਹ ਖੁਦਾਈ ਕਿਉਂ ਕਰ ਰਿਹਾ ਹੈ ਪਰ ਚੀਨੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖੁਦਾਈ ਨਾਲ ਕਈ ਖਣਿਜ ਸਰੋਤਾਂ ਅਤੇ ਕੁਦਰਤੀ ਆਫ਼ਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਅਜੇ ਵੀ ਧਰਤੀ ‘ਤੇ ਸਭ ਤੋਂ ਡੂੰਘੀ ਖੁਦਾਈ ਰੂਸ ਦੇ ਨਾਂ ‘ਤੇ ਹੋ ਰਹੀ ਹੈ। ਰੂਸ ਨੇ ਸਾਲ 1989 ਵਿੱਚ 12,262 ਮੀਟਰ ਡੂੰਘਾ ਟੋਆ ਪੁੱਟਿਆ ਸੀ। ਰੂਸ ਨੂੰ ਇੰਨੀ ਡੂੰਘਾਈ ਤੱਕ ਖੋਦਣ ਵਿੱਚ 20 ਸਾਲ ਲੱਗ ਗਏ।