ਚੰਡੀਗੜ੍ਹ, 12 ਜੂਨ 2023: ਚੀਨ (China) ਨੇ ਭਾਰਤ ਦੇ ਆਖਰੀ ਪੱਤਰਕਾਰ ਨੂੰ ਵੀ ਬੀਜਿੰਗ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਚੀਨੀ ਅਧਿਕਾਰੀਆਂ ਨੇ ਪ੍ਰੈਸ ਟਰੱਸਟ ਆਫ ਇੰਡੀਆ (ਪੀਟੀਆਈ) ਦੇ ਪੱਤਰਕਾਰ ਨੂੰ ਇਸ ਮਹੀਨੇ ਹੀ ਦੇਸ਼ ਛੱਡਣ ਲਈ ਕਿਹਾ ਹੈ। ਡਰੈਗਨ ਦਾ ਦੋਸ਼ ਹੈ ਕਿ ਭਾਰਤ ਚੀਨੀ ਪੱਤਰਕਾਰਾਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਇਹ ਕਦਮ ਚੁੱਕਿਆ ਹੈ। ਇਸ ਪੱਤਰਕਾਰ ਦੇ ਭਾਰਤ ਪਰਤਣ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਤੋਂ ਭਾਰਤੀ ਮੀਡੀਆ ਦੀ ਮੌਜੂਦਗੀ ਖ਼ਤਮ ਹੋ ਜਾਵੇਗੀ। ਭਾਰਤ ਦਾ ਇੱਕ ਵੀ ਪੱਤਰਕਾਰ ਚੀਨ ਵਿੱਚ ਨਹੀਂ ਰਹੇਗਾ।
ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ 4 ਭਾਰਤੀ ਪੱਤਰਕਾਰ ਚੀਨ ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੇ ਰਿਪੋਰਟਰ ਨੇ ਪਿਛਲੇ ਹਫ਼ਤੇ ਹੀ ਬੀਜਿੰਗ ਛੱਡ ਦਿੱਤਾ ਸੀ, ਜਦੋਂ ਕਿ ਸਰਕਾਰੀ ਚੈਨਲ ਪ੍ਰਸਾਰ ਭਾਰਤੀ ਅਤੇ ‘ਦਿ ਹਿੰਦੂ ਅਖ਼ਬਾਰ’ ਦੇ ਪੱਤਰਕਾਰਾਂ ਨੂੰ ਚੀਨ ਨੇ ਅਪ੍ਰੈਲ ਵਿੱਚ ਵਾਪਸ ਆਉਣ ਤੋਂ ਰੋਕ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਵੀਜ਼ੇ ਰੀਨਿਊ ਨਹੀਂ ਕੀਤੇ ਗਏ ਸਨ।
ਇਸ ਰਿਪੋਰਟ ਮੁਤਾਬਕ ਚੀਨ (China) ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਿਛਲੇ ਮਹੀਨੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਸੀ ਕਿ ਭਾਰਤ ਵਿਚ ਸਿਰਫ ਇਕ ਚੀਨੀ ਪੱਤਰਕਾਰ ਬਚਿਆ ਹੈ, ਜੋ ਅਜੇ ਵੀਜ਼ਾ ਰੀਨਿਊਲ ਦੀ ਉਡੀਕ ਕਰ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤ ਵਿੱਚ ਚੀਨੀ ਪੱਤਰਕਾਰਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਾਰਤ ਇਸ ‘ਤੇ ਜਲਦੀ ਹੀ ਵਿਚਾਰ ਕਰੇਗਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਚੀਨ ਦੀ ਸਰਕਾਰੀ ਮੀਡੀਆ ਸਿਨਹੂਆ ਨਿਊਜ਼ ਏਜੰਸੀ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਦੋ ਪੱਤਰਕਾਰਾਂ ਦੀਆਂ ਵੀਜ਼ਾ ਰੀਨਿਊ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਚੀਨੀ ਪੱਤਰਕਾਰ ਭਾਰਤ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੇ ਹਨ। ਪਰ ਚੀਨ ਵਿੱਚ ਭਾਰਤੀ ਪੱਤਰਕਾਰਾਂ ਨਾਲ ਅਜਿਹਾ ਨਹੀਂ ਹੈ। ਬੀਜਿੰਗ ਵਿੱਚ ਭਾਰਤੀ ਪੱਤਰਕਾਰਾਂ ਨਾਲ ਬਦਸਲੂਕੀ ਹਾਲਾਂਕਿ ਦੋਵਾਂ ਦੇਸ਼ਾਂ ਨੇ ਸੰਪਰਕ ਵਿੱਚ ਰਹਿਣ ਦੀ ਗੱਲ ਵੀ ਕਹੀ ਸੀ।