ਚੰਡੀਗੜ, 2 ਅਕਤੂਬਰ 2024: ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣੇ ਦਾ ਮੁੱਖ ਮੁਨਸ਼ੀ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ | ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸਤਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ.ਆਈ.ਏ. ਸਟਾਫ਼ ‘ਚ ਡਿਊਟੀ ਨਿਭਾ ਰਿਹਾ ਸੀ |
ਵਿਜੀਲੈਂਸ ਮੁਤਾਬਕ ਇਹ ਗ੍ਰਿਫਤਾਰੀ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਪਰਵੀਨ ਕੌਰ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਹੈ। ਸ਼ਿਕਾਇਤ ਮੁਤਾਬਕ ਹੌਲਦਾਰ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਲੜਕਾ ਚੋਰੀ ਦਾ ਮੋਬਾਈਲ ਫ਼ੋਨ ਵਰਤ ਰਿਹਾ ਹੈ ਅਤੇ ਮਾਮਲਾ ਰਫ਼ਾ ਦਫ਼ਾ ਕਰਨ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ।
ਹਾਲਾਂਕਿ ਸ਼ਿਕਾਇਤਕਰਤਾ ਨੇ ਆਪਣੇ ਲੜਕੇ ਵੱਲੋਂ ਖਰੀਦੇ ਗਏ ਫੋਨ ਦਾ ਬਿੱਲ ਅਤੇ ਬਕਸੇ ਸਬੰਧਤ ਕਰਮਚਾਰੀ ਨੂੰ ਸੌਂਪ ਦਿੱਤੇ ਸਨ ਪਰ ਫਿਰ ਵੀ ਉਕਤ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਤੋਂ 8 ਹਜ਼ਾਰ ਰੁਪਏ ਰਿਸ਼ਵਤ (Bribe) ਲੈ ਲਈ ਅਤੇ ਉਸ ਦੇ ਲੜਕੇ ਨੂੰ ਇਸ ਚੋਰੀ ‘ਚ ਸ਼ਾਮਲ ਨਾ ਕਰਨ ਦੇ ਬਦਲੇ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ |
ਸ਼ਿਕਾਇਤਕਰਤਾ ਨੇ ਰਿਸ਼ਵਤ ਸੰਬੰਧੀ ਫੋਨ ਰਿਕਾਰਡਿੰਗ ਵਿਜੀਲੈਂਸ ਨੂੰ ਸੌਂਪ ਦਿੱਤੀ | ਵਿਜੀਲੈਂਸ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਹੌਲਦਾਰ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 5,000 ਰੁਪਏ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬਠਿੰਡਾ ਰੇਂਜ ਥਾਣੇ ‘ਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।