ਚੰਡੀਗੜ੍ਹ, 06 ਜਨਵਰੀ 2026: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ‘ਚ 10 ਲੱਖ ਦੀ ਨਕਦ-ਰਹਿਤ ਸਿਹਤ ਬੀਮਾ ਯੋਜਨਾ ਦੀ ਨਿਰਵਿਘਨ ਤੇ ਸੁਚਾਰੂ ਸ਼ੁਰੂਆਤ ਵੱਲ ਅਹਿਮ ਕਦਮ ਹੈ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਸਿਹਤ ਯੋਜਨਾ (MMSY) ਦੇ ਲਾਗੂਕਰਨ ਦੀ ਨਿਗਰਾਨੀ ਕਰਨ ਲਈ ਐਤਵਾਰ ਨੂੰ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਸਟੇਟ ਹੈਲਥ ਏਜੰਸੀ (ਐਸ.ਐਚ.ਏ.) ਪੰਜਾਬ ਵਿਖੇ ਹੋਈ ਬੈਠਕ ‘ਚ ਜਨਤਕ ਅਤੇ ਪ੍ਰਾਈਵੇਟ ਸਿਹਤ ਸੰਭਾਲ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਇਸ ਬੈਠਕ ’ਚ ਮੌਜੂਦ ਮੁੱਖ ਭਾਈਵਾਲਾਂ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ, ਪੰਜਾਬ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ, ਪੰਜਾਬ ਸਿਵਲ ਮੈਡੀਕਲ ਸਰਵਿਸਜ਼ (ਪੀਸੀਐਮਐਸ) ਡਾਰਕਟਰ ਅਤੇ ਪ੍ਰਮੁੱਖ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਨੁਮਾਇੰਦੇ ਸ਼ਾਮਲ ਹਨ । ਇਸ ਮੌਕੇ ਮੁੱਖ ਭਾਈਵਾਲਾਂ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ ਅਤੇ ਐਸ.ਐਚ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਯਮ ਅਗਰਵਾਲ ਨੇ ਵੀ ਬੈਠਕ ‘ਚ ਸ਼ਿਰਕਤ ਕੀਤੀ।
ਇਸ ਸਕੀਮ ਦੇ ਸਹਿਯੋਗੀ ਅਤੇ ਨਾਗਰਿਕ-ਕੇਂਦ੍ਰਿਤ ਲਾਗੂਕਰਨ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ, ਨੈਤਿਕ ਡਾਕਟਰੀ ਅਭਿਆਸ ਅਤੇ ਮੁਕੰਮਲ ਪਾਰਦਰਸ਼ਤਾ ਸਦਕਾ ਹੀ ਐਮ.ਐਮ.ਐਸ.ਵਾਈ. ਨੂੰ ਸਫਲ ਬਣਾਇਆ ਜਾ ਸਕਦਾ ਹੈ । ਪੰਜਾਬ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਹਰ ਨਿਵਾਸੀ ਨੂੰ ਬਿਨਾਂ ਕਿਸੇ ਵਿੱਤੀ ਬੋਝ ਤੋਂ ਮਿਆਰੀ ਸਿਹਤ ਸਹੂਲਤਾਂ ਪ੍ਰਾਪਤ ਹੋਣ ਅਤੇ ਇਹ ਸਿਰਫ ਸਰਕਾਰ, ਡਾਕਟਰਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਵਿਚਾਲੇ ਇਮਾਨਦਾਰ ਸਹਿਯੋਗ ਰਾਹੀਂ ਹੀ ਸੰਭਵ ਹੋ ਸਕਦਾ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਿਰਧਾਰਤ ਮਾਪਦੰਡਾਂ ਲਈ ਸਖ਼ਤ ਅਤੇ ਜ਼ੀਰੋ ਸਹਿਣਸ਼ੀਲਤਾ ਵਾਲਾ ਰੁਖ਼ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਸਰਵੋਤਮ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਸਰਕਾਰ ਮੁਤਾਬਕ ਆਈ.ਐਮ.ਏ. ਪੰਜਾਬ ਅਤੇ ਪੀ.ਐਚ.ਐਨ.ਏ. ਦੇ ਨੁਮਾਇੰਦਿਆਂ ਨੇ ਇਸ ਸਕੀਮ ਲਈ ਮਜ਼ਬੂਤ ਸਮਰਥਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਗੁਣਵੱਤਾਪੂਰਨ ਇਲਾਜ ਨੂੰ ਯਕੀਨੀ ਬਣਾਉਣ ਲਈ ਸੂਚੀਬੱਧ ਹਸਪਤਾਲਾਂ ਦੇ ਨੈੱਟਵਰਕ ਦਾ ਵਿਸਥਾਰ ਕਰਨਾ ਮਹੱਤਵਪੂਰਨ ਹੋਵੇਗਾ। ਸੋਧੇ ਹੋਏ ਪੈਕੇਜ ਮਾਸਟਰ ਐਚਬੀਪੀ 2.2 ਨੂੰ ਅਪਣਾਏ ਜਾਣ ‘ਤੇ ਮੈਡੀਕਲ ਸੰਸਥਾਵਾਂ ਨੇ ਕਿਹਾ ਕਿ ਅੱਪਡੇਟ ਕੀਤਾ ਭੁਗਤਾਨ ਢਾਂਚਾ ਹਸਪਤਾਲਾਂ ਦੀ ਕਾਰਜਸ਼ੀਲਤਾ ‘ਚ ਵੱਡੇ ਸੁਧਾਰ ਕਰੇਗਾ ਅਤੇ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ‘ਚ ਯੋਗਦਾਨ ਪਾਵੇਗਾ।
ਇਸ ਸਮੀਖਿਆ ਬੈਠਕ ‘ਚ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ, ਆਦੇਸ਼ ਮੈਡੀਕਲ ਕਾਲਜ, ਬਠਿੰਡਾ ਅਤੇ ਗਿਆਨ ਸਾਗਰ ਮੈਡੀਕਲ ਕਾਲਜ, ਪਟਿਆਲਾ ਸਮੇਤ ਪ੍ਰਮੁੱਖ ਨਿੱਜੀ ਮੈਡੀਕਲ ਸੰਸਥਾਵਾਂ ਨੇ ਹਿੱਸਾ ਲਿਆ। ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਵਧੀਆਂ ਹੋਈਆਂ ਭੁਗਤਾਨ ਦਰਾਂ ਦਾ ਸਵਾਗਤ ਕੀਤਾ।
ਇਸ ਮੌਕੇ ਭਾਗ ਲੈਣ ਵਾਲੇ ਸਾਰੇ ਨਿੱਜੀ ਮੈਡੀਕਲ ਕਾਲਜਾਂ ਨੇ ਇਸ ਯੋਜਨਾ ‘ਚ ਆਪਣੀ ਡੂੰਘੀ ਦਿਲਚਸਪੀ ਦਿਖਾਈ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲਾਭਪਾਤਰੀਆਂ ਨੂੰ ਤੁਰੰਤ ਸੇਵਾ ਪ੍ਰਦਾਨ ਕਰਨ ਦੇ ਯੋਗ ਬਣਾਉਣ ਲਈ ਉਨ੍ਹਾਂ ਦੀਆਂ ਸੂਚੀਬੱਧ ਪ੍ਰਕਿਰਿਆਵਾਂ ਅਗਲੇ ਕੁਝ ਦਿਨਾਂ ‘ਚ ਪੂਰੀਆਂ ਕਰ ਲਈਆਂ ਜਾਣਗੀਆਂ।
ਪੀਸੀਐਮਐਸ ਡਾਕਟਰਾਂ ਨੇ ਵੀ ਇਸ ਪਹਿਲਕਦਮੀ ‘ਚ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਐਮ.ਐਮ.ਐਸ.ਵਾਈ. ਨਾ ਸਿਰਫ਼ ਜਨਤਾ ਲਈ ਮੁਫ਼ਤ ਅਤੇ ਨਕਦ ਰਹਿਤ ਇਲਾਜ ਯਕੀਨੀ ਬਣਾਏਗਾ ਸਗੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਅਤੇ ਸੇਵਾ ਸਮਰੱਥਾ ਨੂੰ ਮਜ਼ਬੂਤ ਕਰਨ ‘ਚ ਵੀ ਅਹਿਮ ਭੂਮਿਕਾ ਨਿਭਾਏਗਾ। ਗੱਲਬਾਤ ਦੌਰਾਨ, ਸਕੀਮ ਨੂੰ ਲਾਗੂ ਕਰਨ ‘ਚ ਸ਼ਾਮਲ ਡਾਕਟਰਾਂ ਅਤੇ ਸਿਹਤ ਸੰਭਾਲ ਸਟਾਫ ਨੂੰ ਪ੍ਰੋਤਸਾਹਨ ਦੇਣ ਸਬੰਧੀ ਸੁਝਾਅ ਵੀ ਪੇਸ਼ ਕੀਤੇ |
Read More: Sidhwan Canal: ਸਿੱਧਵਾਂ ਨਹਿਰ 21 ਦਿਨਾਂ ਲਈ ਬੰਦ ਰਹੇਗੀ, ਜਾਣੋ ਕਾਰਨ




