ਕੀਰਤਪੁਰ ਸਾਹਿਬ

ਮੁੱਖ ਮੰਤਰੀ ਨੇ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਟੋਲ ਪਲਾਜ਼ਾ ਬੰਦ ਕਰਕੇ ਹਜ਼ਾਰਾ ਲੱਖਾਂ ਸ਼ਰਧਾਲੂਆਂ ਦੀਆਂ ਅਸੀਸਾਂ ਲਈਆਂ: ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ 01 ਅਪ੍ਰੈਲ ,2023: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮਾਰਗ ਤੇ ਲੱਗੇ ਟੋਲ ਪਲਾਜਾ ਨੂੰ ਅੱਜ ਬੰਦ ਕਰਕੇ ਇਸ ਇਲਾਕੇ ਦੇ ਲੋਕਾਂ ਦਾ ਦਿਲ ਜਿੱਤਣ ਦੇ ਨਾਲ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ, ਮਾਤਾ ਨੈਣਾ ਦੇਵੀ ਜੀ, ਗੁਰਦੁਆਰਾ ਪਤਾਲਪੁਰੀ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਜੀ, ਮਾਤਾ ਜਲਫਾ ਦੇਵੀ ਮੰਦਿਰ, ਬਾਬਾ ਬਾਲਕ ਨਾਥ ਜੀ ਨਤਮਸਤਕ ਹੋਣ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀਆਂ ਅਸੀਸਾਂ ਲਈਆਂ ਹਨ। ਜਿਸ ਲਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੁਮਾਇੰਦੇ ਵਜੋਂ ਆਪਣੇ ਸਮੁੱਚੇ ਇਲਾਕਾ ਵਾਸੀਆਂ ਵੱਲੋਂ ਅਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ ਧੰਨਵਾਦ ਕਰਦੇ ਹਾਂ।

ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮਾਰਗ ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਪਹੁੰਚੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸੇਸ਼ ਧੰਨਵਾਦ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧਾਰਮਿਕ ਸਥਾਨਾ ਦੇ ਦਰਸ਼ਨ ਦੀਦਾਰ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜਾ ਤੇ ਹਰ ਵਾਰ ਆਉਣ ਜਾਣ ਤੇ ਪੂਰੀ ਫੀਸ ਵਸੂਲੀ ਜਾਂਦੀ ਸੀ। ਇਸ ਟੋਲ ਪਲਾਜਾ ਦੇ ਬੰਦ ਹੋਣ ਨਾਲ ਰਾਹਗੀਰਾਂ ਤੋਂ ਰੋਜ਼ਾਨਾ ਵਸੂਲੇ ਜਾ ਰਹੇ ਲਗਭਗ 10.12 ਲੱਖ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵੱਜੋਂ ਵਿਕਸਤ ਕਰਨ, ਵੱਡੇ ਪ੍ਰੋਜੈਕਟ ਜਲਦੀ ਮੁਕੰਮਲ ਕਰਨ ਅਤੇ ਫਿਲਮ ਸਿਟੀ ਬਣਾਉਣ ਦੇ ਫੈਸਲੇ ਨਾਲ ਇਸ ਇਲਾਕੇ ਵਿੱਚ ਵਪਾਰ ਕਾਰੋਬਾਰ ਹੋਰ ਪ੍ਰਫੁੱਲਿਤ ਹੋਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ। ਉਨ੍ਹਾਂ ਨੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਵਿਸ਼ੇਸ ਧੰਨਵਾਦ ਕੀਤਾ ਹੈ।

ਜਿਲ੍ਹਾਂ ਯੋਜਨਾ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਯੂਥ ਆਗੂ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਰਾਮ ਕੁਮਾਰ ਮੁਕਾਰੀ, ਸਰਬਜੀਤ ਸਿੰਘ ਭਟੋਲੀ, ਜਸਪ੍ਰੀਤ ਸਿੰਘ, ਬਾਬੂ ਚਮਨ ਲਾਲ, ਮਾਸਟਰ ਹਰਦਿਆਲ ਸਿੰਘ, ਜਸਵੀਰ ਸਿੰਘ ਅਰੋੜਾ, ਜਸਵੀਰ ਰਾਣਾ, ਕੇਸਰ ਸੰਧੂ , ਦਵਿੰਦਰ ਸ਼ਿੰਦੁ, ਕੈਪਟਨ ਗੁਰਨਾਮ ਸਿੰਘ, ਜਸਪਾਲ ਸਿੰਘ ਢਾਹੇ, ਜੁਝਾਰ ਆਸਪੁਰ, ਊਸ਼ਾ ਰਾਣੀ ਪ੍ਰਧਾਨ ਮਹਿਲਾ ਵਿੰਗ, ਰੋਹਿਤ ਕਾਲੀਆ ਅਤੇ ਇਲਾਕੇ ਦੇ ਵੱਡੀ ਗਿਣਤੀ ਹੋਰ ਪਤਵੰਤਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮਾਰਗ ਤੇ ਟੋਲ ਪਲਾਜਾ ਬੰਦ ਕਰਕੇ ਸ਼ਰਧਾਲੂਆਂ ਤੇ ਸਥਾਨਕ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਲਈ ਧੰਨਵਾਦ ਕੀਤਾ ਹੈ। ਆਗੂਆ ਨੇ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵੱਡੀਆਂ ਸੋਗਾਤਾਂ ਮਿਲੀਆ ਹਨ ਤੇ ਕਈ ਵੱਡੇ ਪ੍ਰੋਜੈਕਟ ਚੱਲ ਰਹੇ ਹਨ, ਜਿਸ ਦੇ ਲਈ ਉਹ ਸਰਕਾਰ ਦੇ ਧੰਨਵਾਦੀ ਹਨ।

Scroll to Top