July 2, 2024 4:05 pm
Punjab Vision Document-2047

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਪੰਜਾਬ ਵਿਜ਼ਨ ਦਸਤਾਵੇਜ਼-2047’ ਜਾਰੀ

ਚੰਡੀਗੜ੍ਹ, 13 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬਾ ਸਰਕਾਰ ਦਾ ਸਾਲ 2047 ਦਾ ‘ਵਿਜ਼ਨ ਦਸਤਾਵੇਜ਼’ (Punjab Vision Document-2047) ਜਾਰੀ ਕੀਤਾ ਅਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਲਈ ਰੂਪ-ਰੇਖਾ ਦੱਸਿਆ। ਆਪਣੇ ਦਫ਼ਤਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਦਸਤਾਵੇਜ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕਤਾ ਅਤੇ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਭਾਰਤ ਦੀ ਆਜ਼ਾਦੀ ਦੇ 100ਵੇਂ ਸਾਲ ਪੂਰੇ ਹੋਣ ‘ਤੇ ਸੂਬੇ ਦੇ ਸਰਬਪੱਖੀ ਵਿਕਾਸ ਦੀ ਉਮੀਦ ਬੰਨ੍ਹਦਾ ਹੈ।

ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ ਵਿੱਚ 9 ਵਿਭਾਗੀ ਸੈਕਸ਼ਨ ਅਤੇ 16 ਸਮਾਜਿਕ-ਆਰਥਿਕ ਸੂਚਕ-ਅਧਾਰਿਤ ਸਬ-ਸੈਕਸ਼ਨ ਸ਼ਾਮਲ ਹਨ ਜਿਸ ਵਿਚ ਮੌਜੂਦਾ ਸਥਿਤੀ, ਸੂਬੇ ਨੂੰ ਦਰਪੇਸ਼ ਮੁੱਖ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਥੋੜ੍ਹੇ ਚਿਰੀ ਅਤੇ ਲੰਮੇ ਮਿਆਦ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਦਸਤਾਵੇਜ਼ਾਂ ਅਨੁਸਾਰ ਅਰਥਵਿਵਸਥਾ ਦੀ ਵਿਕਾਸ ਦਰ ਨੂੰ ਸਾਲ 2030 ਤੱਕ ਸਾਲਾਨਾ 7.5 ਫੀਸਦੀ ਅਤੇ 2047 ਤੱਕ 10 ਫੀਸਦੀ ਹਾਸਲ ਕਰ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦਸਤਾਵੇਜ਼ ਦਾ ਉਦੇਸ਼ ਸਾਲ 2030 ਤੱਕ ਨਿਵੇਸ਼-ਜੀ.ਐਸ.ਡੀ.ਪੀ. ਅਨੁਪਾਤ ਨੂੰ 25 ਫੀਸਦੀ ‘ਤੇ ਲਿਆਉਣਾ ਅਤੇ ਸੂਬੇ ਵਿੱਚ ਨਿਵੇਸ਼ ਦੇ ਮਾਹੌਲ ਨੂੰ ਸੁਧਾਰ ਕੇ ਅਤੇ ਉਦਯੋਗਿਕ ਪ੍ਰੋਜੈਕਟਾਂ ਦੀ ਸਮਾਂਬੱਧ ਅਤੇ ਮੁਸ਼ਕਲ ਰਹਿਤ ਪ੍ਰਵਾਨਗੀ ਲਈ ਆਰਥਿਕ ਪ੍ਰਸ਼ਾਸਨਿਕ ਸੁਧਾਰਾਂ ਦੀ ਸ਼ੁਰੂਆਤ ਰਾਹੀਂ ਸਾਲ 2047 ਤੱਕ ਪੰਜਾਬ ਦੇ ਨਿਵੇਸ਼-ਜੀ.ਐਸ.ਡੀ.ਪੀ. ਅਨੁਪਾਤ ਨੂੰ 32 ਫੀਸਦੀ ਤੱਕ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸੇਵਾ ਖੇਤਰ/ਤੇਜ਼ ਰਫ਼ਤਾਰ ਵਾਲੀਆਂ ਸੇਵਾਵਾਂ ਜਿਵੇਂ ਕਿ ਬੀ.ਪੀ.ਓ., ਆਨਲਾਈਨ ਸਿੱਖਿਆ, ਸੋਸ਼ਲ ਮੀਡੀਆ ਅਤੇ ਮਨੋਰੰਜਨ ਸਮੇਤ ਸੂਚਨਾ ਤਕਨਾਲੋਜੀ ਅਧਾਰਿਤ ਸੇਵਾਵਾਂ (ਆਈ.ਟੀ.ਈ.ਐਸ.) ਵਿਕਸਤ ਕੀਤੀਆਂ ਜਾਣਗੀਆਂ ਅਤੇ ਸੇਵਾ ਖੇਤਰ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਰੁਜ਼ਗਾਰਯੋਗਤਾ ਅਤੇ ਸਟਾਰਟਅੱਪ ਈਕੋ-ਸਿਸਟਮ ਨੂੰ ਬਿਹਤਰ ਬਣਾਉਣ ਲਈ ਸਾਰੇ ਖੇਤਰਾਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇ ਕੇ ਅਤੇ ਉਦਯੋਗਾਂ ਅਤੇ ਵਿਦਿਅਕ ਅਦਾਰਿਆਂ ਵਿਚਕਾਰ ਤਾਲਮੇਲ ਪੈਦਾ ਕਰਕੇ ਵਧੀਆ ਨੌਕਰੀਆਂ ਪੈਦਾ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਰਥਿਕਤਾ ਦੀ ਵਿੱਤੀ ਸਿਹਤ ਵਿੱਚ ਸੁਧਾਰ ਲਈ ਢੁਕਵੀਂ ਰਣਨੀਤੀ ਦੂਰਦਰਸ਼ੀ ਵਿੱਤੀ ਪ੍ਰਬੰਧਨ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਨਾਖ਼ਤ ਕੀਤੇ ਗਏ ਵੱਖ-ਵੱਖ ਸੈਕਟਰਾਂ ਲਈ ਟੀਚੇ ਅਤੇ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸੈਕਟਰਾਂ ਵਿੱਚ ਅਰਥਵਿਵਸਥਾ, ਵਿੱਤ, ਉਦਯੋਗ, ਰੁਜ਼ਗਾਰ, ਖੇਤੀਬਾੜੀ, ਪੇਂਡੂ ਵਿਕਾਸ, ਸਥਿਰ ਸ਼ਹਿਰ ਅਤੇ ਕਮਿਊਨਿਟੀਜ਼, ਬੁਨਿਆਦੀ ਢਾਂਚਾ, ਸਮੂਹਿਕ ਅਤੇ ਬਰਾਬਰੀ ਵਾਲੀ ਸਿੱਖਿਆ, ਸਿਹਤ ਬੁਨਿਆਦੀ ਢਾਂਚਾ ਅਤੇ ਪ੍ਰਬੰਧ, ਲਿੰਗ ਸਮਾਨਤਾ ਦੀ ਪ੍ਰਾਪਤੀ, ਕੁਦਰਤੀ ਸਰੋਤ, ਕਿਫਾਇਤੀ ਤੇ ਸਾਫ਼ ਊਰਜਾ ਸ਼ਾਮਲ ਹਨ। ਇਸੇ ਤਰ੍ਹਾਂ ਜਲਵਾਯੂ ਤੇ ਕੁਦਰਤੀ ਸਰੋਤ ਸੰਭਾਲ, ਤਕਨੀਕੀ ਤਰੱਕੀ, ਸ਼ਾਸਨ, ਸੁਰੱਖਿਆ ਅਤੇ ਸੁਰੱਖਿਅਤ ਤੇ ਸੁਘੜ ਆਵਾਜਾਈ ਪ੍ਰਬੰਧਨ ਪ੍ਰਣਾਲੀ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ (Punjab Vision Document-2047) ਦਾ ਵਿਆਪਕ ਉਦੇਸ਼ ਨਾਗਰਿਕਾਂ ਨੂੰ ਸਨਮਾਨਜਨਕ ਜੀਵਨ ਬਤੀਤ ਕਰਨਾ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਜ਼ਨ ਦੀ ਭਾਵਨਾ ਗਰੀਬੀ ਅਤੇ ਭੁੱਖਮਰੀ ਦਾ ਖਾਤਮਾ, ਰੋਜ਼ੀ-ਰੋਟੀ ਅਤੇ ਆਸਰਾ ਯਕੀਨੀ ਬਣਾਉਣਾ, ਸਾਰਿਆਂ ਲਈ ਬਰਾਬਰ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ, ਲੋੜੀਂਦਾ ਸੈਨੀਟੇਸ਼ਨ ਨੈਟਵਰਕ ਅਤੇ ਬਿਜਲੀ ਦੀ ਉਪਲਬਧਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਭੂਗੋਲਿਕ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਹਾਸਲ ਕੀਤਾ ਜਾਵੇਗਾ। ਇਸ ਦਸਤਾਵੇਜ਼ ਦਾ ਉਦੇਸ਼ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਅਤੇ ਏਜੰਸੀਆਂ ਵੱਲੋਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਯਤਨਾਂ ਨੂੰ ਜੋੜਨਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਦਸਤਾਵੇਜ਼ ਵਿਸ਼ਾਲ ਜਨਤਕ ਹਿੱਤਾਂ ਵਿੱਚ ਪ੍ਰਸ਼ਾਸਨਿਕ ਤੌਰ ਉਤੇ ਹਰੇਕ ਪੱਧਰ ‘ਤੇ ਕਾਰਵਾਈ ਲਈ ਵਧੇਰੇ ਤਾਲਮੇਲ ਲਿਆਏਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਸਤਾਵੇਜ਼ ਵਿੱਚ ਉਜਾਗਰ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਨੇ ਪ੍ਰਸ਼ਾਸਨ ਦੇ ਵੱਖ-ਵੱਖ ਪੱਧਰਾਂ ‘ਤੇ ਪਹਿਲਾਂ ਹੀ ਕੁਝ ਸਮਝਦਾਰੀ ਵਾਲੇ ਕਦਮ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕ੍ਰਮਵਾਰ ਸਾਲ 2030 ਅਤੇ 2047 ਤੱਕ ਇਸ ਦਸਤਾਵੇਜ਼ ਵਿੱਚ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਜ਼ਨ ਦਸਤਾਵੇਜ਼ ਵਿੱਚ ਪ੍ਰਸਤਾਵਿਤ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਦਸਤਾਵੇਜ਼ ਸੂਬੇ ਨੂੰ ਉੱਚ ਆਰਥਿਕ ਵਿਕਾਸ ਦੀ ਲੀਹ ‘ਤੇ ਲਿਆਏਗਾ, ਜਿਸ ਨਾਲ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਮਿਲੇਗਾ।