ਰਾਮ ਨੌਮੀ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਮ ਨੌਮੀ ਦੇ ਪਵਿੱਤਰ ਮੌਕੇ ‘ਤੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ

ਜਲੰਧਰ, 30 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ‘ਤੇ ਪਵਿੱਤਰ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਭਗਵਾਨ ਰਾਮ ਦੇ ਜਨਮ ਦਿਹਾੜੇ ‘ਰਾਮ ਨੌਮੀ’ ਦੇ ਸ਼ੁਭ ਮੌਕੇ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਮੌਕਾ ਮਾਨਵੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਲੋਕਾਂ ਨੂੰ ਭਗਵਾਨ ਰਾਮ (ਮਰਯਾਦਾ ਪੁਰਸ਼ੋਤਮ) ਵੱਲੋਂ ਸਿਖਾਈਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਅਪਨਾਉਣ ਲਈ ਪ੍ਰੇਰਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਇਕ ਖ਼ੁਸ਼ਹਾਲ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਸਾਨੂੰ ਆਦਰਸ਼ ਅਤੇ ਸਦਾਚਾਰਕ ਜੀਵਨ ਦਾ ਮਾਰਗ ਦਿਖਾਇਆ। ਭਗਵੰਤ ਮਾਨ ਨੇ ਲੋਕਾਂ ਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ ਨੂੰ ਅਸਲ ਭਾਵਨਾ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਸਿੱਖਿਆਵਾਂ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਵੀ ਪ੍ਰਸੰਗਿਕ ਹਨ ਅਤੇ ਸਮਾਜ ਨੂੰ ਬੁਰਾਈਆਂ ਦੇ ਜੂਲੇ ਤੋਂ ਮੁਕਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪਵਿੱਤਰ ਮੌਕੇ ਨਾ ਸਿਰਫ਼ ਲੋਕਾਂ ਵਿੱਚ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਹਨ, ਸਗੋਂ ਬੇਅੰਤ ਖ਼ੁਸ਼ੀ ਅਤੇ ਖੁਸ਼ਹਾਲੀ ਦੀ ਰਹਿਮਤ ਦਾ ਸਬੱਬ ਵੀ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨਾਲ ਮਨਾਉਣ। ਇਸ ਦੌਰਾਨ ਮੰਦਿਰ ਵਿਖੇ ਭਗਵੰਤ ਮਾਨ ਨੇ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਲਗਨ ਨਾਲ ਕਰਨ ਲਈ ਮਾਂ ਦੁਰਗਾ ਤੋਂ ਆਸ਼ੀਰਵਾਦ ਲਿਆ।

ਮੁੱਖ ਮੰਤਰੀ ਬਾਅਦ ਦੁਪਹਿਰ ਵੇਲੇ ਸ੍ਰੀ ਦੇਵੀ ਤਲਾਬ ਮੰਦਿਰ ਕੰਪਲੈਕਸ ਵਿਖੇ ਅਰਦਾਸ ਕਰਨ ਪੁੱਜੇ ਅਤੇ ਉਨ੍ਹਾਂ ਸੂਬੇ ਦੇ ਲੋਕਾਂ ਦੀ ਪੂਰੀ ਨਿਮਰਤਾ ਤੇ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਬਲ ਬਖਸ਼ਣ ਲਈ ਪਰਮਾਤਮਾ ਤੋਂ ਆਸ਼ੀਰਵਾਦ ਮੰਗਿਆ। ਭਗਵੰਤ ਮਾਨ ਨੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਤੋਂ ਬਿਨਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ।

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ ਅਤੇ ਇਹ ਹਮੇਸ਼ਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਮਗਰੋਂ ਭਗਵੰਤ ਮਾਨ ਨੇ ਸ੍ਰੀ ਰਾਮ ਨਵਮੀ ਉਤਸਵ ਕਮੇਟੀ ਵੱਲੋਂ ਸ੍ਰੀ ਰਾਮ ਚੌਕ ਤੋਂ ਸਜਾਈ ਸ਼ੋਭਾ ਯਾਤਰਾ ‘ਚ ਸ਼ਮੂਲੀਅਤ ਕੀਤੀ।

Scroll to Top