Tata Steel

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਟਾਟਾ ਸਟੀਲ ਦੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਨੀਂਹ ਪੱਥਰ

ਲੁਧਿਆਣਾ, 20 ਅਕਤੂਬਰ 20203: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਦਯੋਗਿਕ ਖੇਤਰ ਦੀ ਨਾਮਵਰ ਕੰਪਨੀ ਟਾਟਾ ਗਰੁੱਪ ਵੱਲੋਂ ਵਿਆਪਕ ਨਿਵੇਸ਼ ਕਰਨ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ। ਅੱਜ ਇੱਥੇ ਹਾਈ-ਟੈੱਕ ਵੈਲੀ ਵਿਖੇ 2600 ਕਰੋੜ ਰੁਪਏ ਦੀ ਲਾਗਤ ਨਾਲ 115 ਏਕੜ ਵਿੱਚ ਸਥਾਪਤ ਹੋ ਰਹੇ ਗਰੀਨ ਸਟੀਲ ਪਲਾਂਟ (Tata Steel) ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਟਾਟਾ ਦਾ ਬਹੁਤ ਵੱਡਾ ਰੁਤਬਾ ਤੇ ਵੱਕਾਰ ਹੈ ਅਤੇ ਸੂਬੇ ਵਿੱਚ ਇਸ ਨਾਮਵਰ ਕੰਪਨੀ ਦੇ ਵੱਡੇ ਨਿਵੇਸ਼ ਨਾਲ ਯਕੀਨਨ ਤੌਰ ਉਤੇ ਦੂਜੀਆਂ ਕੰਪਨੀਆਂ ਨੂੰ ਸੂਬੇ ਵਿੱਚ ਪ੍ਰਵੇਸ਼ ਕਰਨ ਲਈ ਪ੍ਰੇਰਨਾ ਮਿਲੇਗੀ।

ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕਰਨ ਜਾ ਰਹੇ ਟਾਟਾ ਗਰੁੱਪ ਨੂੰ ਦੇਸ਼ ਭਗਤ ਕੰਪਨੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ ਅਤੇ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿੱਚ ਨਾਲ ਲਗਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਪਹਿਲ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਉਨ੍ਹਾਂ ਤਾਕਤਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ ਜੋ ਸੂਬੇ ਨੂੰ ਅਮਨ-ਕਾਨੂੰਨ ਦੇ ਮਸਲੇ ਉਤੇ ਬੇਵਜ੍ਹਾ ਬਦਨਾਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਿਵੇਸ਼ ਸਿਰਫ਼ ਸ਼ਾਂਤਮਈ ਸੂਬਿਆਂ ਵਿੱਚ ਹੀ ਆਉਂਦਾ ਹੈ ਅਤੇ ਇਸ ਪ੍ਰਾਜੈਕਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੱਜ ਦੇਸ਼ ਦਾ ਸਭ ਤੋਂ ਅਮਨ-ਸ਼ਾਂਤੀ ਵਾਲਾ ਸੂਬਾ ਹੈ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕੌਮੀ ਮਾਰਗ ਤੋਂ ਪਲਾਂਟ ਵਾਲੀ ਜਗ੍ਹਾ ਨੂੰ ਜਾਂਦੀ ਸੜਕ ਦਾ ਨਿਰਮਾਣ ਕਰੇਗੀ।

ਸੂਬੇ ਵਿੱਚ ਐਮ.ਓ.ਯੂ. (ਮੈਮੋਰੰਡਮ ਆਫ ਅੰਡਰਸਟੈਂਡਿੰਗ) ਨੂੰ ਹੁਣ ਪੁਰਾਣਾ ਤੇ ਵੇਲਾ ਵਿਹਾਅ ਚੁੱਕਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਨਅਤਕਾਰਾਂ ਨਾਲ ਐਮ.ਓ.ਡੀ.ਐਸ. (ਦਿਲ ਨਾਲ ਸਮਝੌਤਾ ਸਹੀਬੰਦ ਕਰਨਾ) ਉਤੇ ਹਸਤਾਖਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਮ.ਓ.ਡੀ.ਐਸ. ਸਿੱਧੇ ਤੌਰ ‘ਤੇ ਦਿਲੋਂ ਕੀਤਾ ਪਵਿੱਤਰ ਸਮਝੌਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਇਹ ਸਮਝੌਤਾ ਪੂਰੀ ਤਰ੍ਹਾਂ ਆਪਸੀ ਵਿਸ਼ਵਾਸ ਉਤੇ ਅਧਾਰਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ (Tata Steel) ਬਾਰੇ ਕੀਤੇ ਗਏ ਐਲਾਨ ਦੇ ਇੱਕ ਸਾਲ ਦੇ ਅੰਦਰ ਹੀ ਇਸ ਵੱਡੇ ਪਲਾਂਟ ਦਾ ਕੰਮ ਸ਼ੁਰੂ ਹੋ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉੱਦਮੀ ਭਾਵਨਾ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਸੂਬੇ ਦੇ ਨਿੱਘੇ ਅਤੇ ਖਿੜੇ ਮੱਥੇ ਸਵਾਗਤ ਕਰਨ ਵਾਲੇ ਲੋਕਾਂ ਨਾਲ ਹੋਰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਗਤੀਸ਼ੀਲ ਭਾਵਨਾ ਨਾਲ ਹੀ ਪੰਜਾਬ, ਦੇਸ਼ ਦਾ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅੱਜ ਪੰਜਾਬ ਕਈ ਆਲਮੀ ਉਦਯੋਗਿਕ ਦਿੱਗਜ਼ਾਂ ਦੇ ਨਿਵੇਸ਼ ਲਈ ਪਹਿਲੀ ਪਸੰਦ ਬਣ ਚੁੱਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਡੇ ਉਪਰਾਲਿਆਂ ਸਦਕਾ ਪੰਜਾਬ ਵਿੱਚ 16 ਮਾਰਚ, 2022 ਤੋਂ ਹੁਣ ਤੱਕ 56796 ਕਰੋੜ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਜਿਸ ਨਾਲ ਰੋਜ਼ਗਾਰ ਦੇ 2.92 ਲੱਖ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਵੱਡੀਆਂ ਕੰਪਨੀਆਂ ਟਾਟਾ ਸਟੀਲ, ਸਨਥਾਨ ਟੈਕਸਟਾਈਲ, ਟੋਪਨ ਅਤੇ ਫਰੂਡੇਨਬਰਗ ਸੂਬੇ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ‘ਸਰਕਾਰ-ਸਨਅਤਕਾਰ ਮਿਲਣੀ’ ਦੀ ਵਿਲੱਖਣ ਪਹਿਲਕਦਮੀ ਕੀਤੀ ਗਈ ਤਾਂ ਕਿ ਉਦਯੋਗਪਤੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਜਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਫਰਵਰੀ, 2023 ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਠਾਨਕੋਟ ਵਿਖੇ ਸੰਮੇਲਨ ਕਰਵਾ ਕੇ ਸਥਾਨਕ ਉਦਯੋਗਪਤੀਆਂ ਨੂੰ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕਰਨ ਲਈ ਢੁਕਵਾਂ ਮੰਚ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਮੇਲਨਾਂ ਤੋਂ ਬਾਅਦ ਇਕ ਹੋਰ ਉਪਰਾਲਾ ਕਰਦੇ ਹੋਏ ਜੁਲਾਈ, 2023 ਵਿੱਚ ਉਦਯੋਗ ਦੀ ਬਿਹਤਰੀ ਲਈ ਸਨਅਤਕਾਰਾਂ ਦੇ ਸੁਝਾਅ ਲੈਣ ਲਈ ਵੱਟਸਐਪ ਨੰਬਰ ਅਤੇ ਈ-ਮੇਲ ਵੀ ਜਾਰੀ ਕੀਤੇ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੰਮੇਲਨਾਂ ਅਤੇ ਟੋਲ-ਫਰੀ ਨੰਬਰ ਉਤੇ ਪ੍ਰਾਪਤ ਹੋਈ ਫੀਡਬੈਕ ਦੇ ਆਧਾਰ ਉਤੇ ਸਰਕਾਰ ਨੇ ਨੀਤੀਗਤ ਸੁਧਾਰ ਕੀਤੇ ਜਿਨ੍ਹਾਂ ਦਾ ਐਲਾਨ ‘ਸਰਕਾਰ-ਸਨਅਤਕਾਰ ਮਿਲਣੀਆਂ’ ਦੌਰਾਨ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਰੰਗਾਂ ਵਾਲੇ ਸਟੈਂਪ ਪੇਪਰ ਲਾਗੂ ਕਰਕੇ ਲੀਹੋਂ ਹਟਵਾਂ ਉਪਰਾਲਾ ਕੀਤਾ ਜਿਸ ਤਹਿਤ ਸੀ.ਐਲ.ਯੂ. ਦੇ ਨਾਲ ਹੀ ਸੇਲ ਡੀਡ ਦੀ ਰਜਿਸਟ੍ਰੇਸ਼ਨ ਲਈ ਹਰੇ ਰੰਗ ਦੇ ਕੋਡ ਵਾਲਾ ਸਟੈਂਪ ਪੇਪਰ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੇ ਆਕਰਸ਼ਿਤ ਰਿਆਇਤਾਂ ਦੀ ਪੇਸ਼ਕਸ਼ ਕਰਦੀ ਉਦਯੋਗਿਕ ਨੀਤੀ-2022 ਹਾਲ ਹੀ ਵਿੱਚ ਜਾਰੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਿਵੇਸ਼ ਨੂੰ ਪ੍ਰੋਤਸਾਹਨ ਕਰਨ ਵਿੱਚ ਸਰਵੋਤਮ ਸੂਬਾ ਬਣ ਕੇ ਉਭਰਿਆ ਹੈ ਜਿਸ ਨਾਲ ਕਿਸੇ ਵੀ ਨਿਵੇਸ਼ਕਾਰ ਨੂੰ ਇਕ ਥਾਂ ਉਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟਾਟਾ ਸਟੀਲ (Tata Steel) ਦੇ ਨਿਵੇਸ਼ ਨੂੰ ਯਕੀਨੀ ਬਣਾਉਣ ਲਈ ਢੁਕਵੀਂ ਸਹਾਇਤਾ ਤੇ ਸਹੂਲਤਾਂ ਪ੍ਰਦਾਨ ਕਰਨ ਲਈ ਇਨਵੈਸਟ ਪੰਜਾਬ ਨੇ ਕਾਰਗਰ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੂਨ, 2022 ਵਿੱਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਵਿੱਚ ਜਾਰੀ ਕੀਤੀ ਰੈਕਿੰਗ ਵਿੱਚ ਪੰਜਾਬ ਸਿਖਰਲੇ ਸੂਬਿਆਂ ਵਿੱਚ ਆਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਸਤਾਵ ਨੂੰ ਮਨਜ਼ੂਰ ਸਮਝੇ ਜਾਣ ਅਤੇ ਪ੍ਰਵਾਨਗੀਆਂ ਨੂੰ ਖੁਦ-ਬ-ਖੁਦ ਨਵਿਆਉਣ ਦੇ ਨਾਲ-ਨਾਲ ਕਾਰੋਬਾਰ ਲਈ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੂਰਬੀ ਅਤੇ ਪੱਛਮੀ ਮਾਲ ਭਾੜੇ ਦੇ ਗਲਿਆਰਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਜਿਸ ਵਿੱਚ ਬਹੁਤ ਸਾਰੀਆਂ ਲੌਜਿਸਟਿਕਸ ਸਹੂਲਤਾਂ, ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਅੱਡਿਆਂ ਅਤੇ ਸ਼ਾਨਦਾਰ ਰੇਲ ਅਤੇ ਸੜਕ ਸੰਪਰਕ ਦੀਆਂ ਸਹੂਲਤਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਅਤੀ ਕਾਮਿਆਂ ਦੇ ਸੰਦਰਭ ਵਿੱਚ ਸ਼ਾਂਤਮਈ ਮਾਹੌਲ ਹੈ, ਜਿਸ ਵਿੱਚ ਤਿੰਨ ਦਹਾਕਿਆਂ ਦੌਰਾਨ ਕਿਸੇ ਵੀ ਉਦਯੋਗਿਕ ਇਕਾਈ ਨੂੰ ਕਿਰਤੀਆਂ ਦੀ ਅਸ਼ਾਂਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪੰਜਾਬ, ਭਾਰਤ ਦੇ ਪ੍ਰਮੁੱਖ ਉਦਯੋਗਿਕ ਸੂਬਿਆਂ ਵਿੱਚੋਂ ਸਭ ਤੋਂ ਘੱਟ ਅਪਰਾਧਾਂ ਦੀ ਦਰ ਨਾਲ ਸਭ ਤੋਂ ਸੁਰੱਖਿਅਤ ਸੂਬਿਆਂ ਵਿੱਚੋਂ ਇੱਕ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਆਈ.ਆਈ.ਟੀ., ਆਈ.ਆਈ.ਐਮ., ਆਈ.ਐਸ.ਬੀ ਅਤੇ ਹੋਰ ਬਹੁਤ ਸਾਰੀਆਂ ਵੱਕਾਰੀ ਵਿਦਿਅਕ ਸੰਸਥਾਵਾਂ ਦਾ ਘਰ ਹੈ ਜੋ ਉਦਯੋਗਪਤੀਆਂ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਾਟਾ ਸਟੀਲ, ਨੈਸਲੇ, ਫਰੂਡੇਨਬਰਗ, ਕਲਾਸ, ਪੈਪਸੀਕੋ, ਕੋਕਾ ਕੋਲਾ, ਕਾਰਗਿਲ ਅਤੇ ਹੋਰਾਂ ਕੰਪਨੀਆਂ ਦਾ ਨਿਵੇਸ਼ ਸੂਬੇ ਵਿੱਚ ਸੁਖਾਵੇਂ ਕਾਰੋਬਾਰੀ ਮਾਹੌਲ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਵਿੱਚ ਕਾਰੋਬਾਰ ਦੀ ਸ਼ੁਰੂਆਤ ਕਰਨ ਵਾਲੀਆਂ ਜਾਂ ਦੇਸ਼ ਵਿੱਚ ਪੈਰ ਪਸਾਰਨ ਵਾਲੀਆਂ ਕੌਮਾਂਤਰੀ ਕੰਪਨੀਆਂ ਲਈ ਵੀ ਪੰਜਾਬ ਤਰਜੀਹੀ ਸਥਾਨ ਹੈ।

ਟਾਟਾ ਸਟੀਲ ਲਿਮਟਡ ਵੱਲੋਂ ਪੰਜਾਬ ਵਿੱਚ ਭਰੋਸਾ ਪ੍ਰਗਟ ਕਰਨ ਅਤੇ ਇਸ ਸਟੀਲ ਪਲਾਂਟ ਦੀ ਸਥਾਪਨਾ ਕਰਨ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਸਥਾਪਨਾ ਹੋਣ ਨਾਲ ਸੂਬੇ ਦੇ ਅਰਥਚਾਰੇ ਅਤੇ ਇੱਥੋਂ ਦੇ ਲੋਕਾਂ ਉਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ਤੋਂ ਪੰਜਾਬ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਨੇ ਪੰਜਾਬ ਵਿੱਚ ਟਾਟਾ ਸਟੀਲ ਨੂੰ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਤਰਫੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਟਾਟਾ ਸਟੀਲ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਇਸ ਪ੍ਰਾਜੈਕਟ ਨੂੰ ਨਵੇਂ ਯੁੱਗ ਦੀ ਸਵੇਰ ਦੱਸਿਆ।

Scroll to Top