ਬੱਸ ਅੱਡਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ‘ਚ ਨਵਾਂ ਬਣਿਆ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਪਟਿਆਲਾ, 16 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਜਲੰਧਰ ਦੇ ਵੋਟਰਾਂ ਨੇ ਸੂਬਾ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੇ ਹੱਕ ਵਿੱਚ ਫਤਵਾ ਦੇ ਕੇ ਰਵਾਇਤੀ ਪਾਰਟੀਆਂ ਦੇ ਨਾਂਹ-ਪੱਖੀ ਅਤੇ ਨਫ਼ਰਤੀ ਰਾਜਨੀਤੀ ਦੇ ਪ੍ਰਾਪੇਗੰਡਾ ਨੂੰ ਰੱਦ ਕੀਤਾ।ਇੱਥੇ ਨਵਾਂ ਬਣਿਆ ਬੱਸ ਅੱਡਾ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਸੰਸਦੀ ਹਲਕੇ ਦੇ ਵੋਟਰਾਂ ਨੇ ਸਕੂਲ ਆਫ ਐਮੀਨੈਂਸ, ਆਮ ਆਦਮੀ ਕਲੀਨਿਕਾਂ, ਬੇਮਿਸਾਲ ਵਿਕਾਸ ਤੇ ਲੋਕਾਂ ਦੀ ਭਲਾਈ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਵਿਕਾਸ ਦੇ ਨਾਮ ਉਤੇ ਵੋਟਾਂ ਮੰਗੀਆਂ ਸਨ, ਜਦੋਂ ਕਿ ਵਿਰੋਧੀਆਂ ਨੇ ਜਾਤ ਤੇ ਫਿਰਕਿਆਂ ਦੇ ਨਾਮ ਉਤੇ ਵੋਟਾਂ ਮੰਗੀਆਂ। ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਸੂਬਾ ਸਰਕਾਰ ਦੇ ਹੱਕ ਵਿੱਚ ਵੱਡਾ ਫਤਵਾ ਦੇ ਕੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਜਿੱਤ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਰਪਣ ਤੇ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਨਵੇਂ ਚੁਣੇ ਹੋਏ ਸੰਸਦ ਮੈਂਬਰ ਨੇ ਸਹੁੰ ਵੀ ਨਹੀਂ ਚੁੱਕੀ ਪਰ ਸਾਡੀ ਸਰਕਾਰ ਨੇ ਜਲੰਧਰ ਦੇ ਵਿਆਪਕ ਵਿਕਾਸ ਲਈ ਖਾਕਾ ਪਹਿਲਾਂ ਹੀ ਤਿਆਰ ਕਰ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਲਈ ਭਲਕੇ ਜਲੰਧਰ ਦਾ ਦੌਰਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਜ਼ਿੱਦੀ ਆਗੂ ਪਿਛਲੇ ਕਈ ਦਹਾਕਿਆਂ ਤੋਂ ਸੱਤਾ ਵਿੱਚ ਰਹਿਣ ਕਾਰਨ ਹੰਕਾਰੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਹ ਆਗੂ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਭਰਮਾ ਰਹੇ ਸਨ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਿਆਸਤ ਵਿੱਚ ਹਰੇਕ ਨੈਤਿਕਤਾ ਨੂੰ ਛਿੱਕੇ ਟੰਗ ਦਿੱਤਾ ਅਤੇ ਆਪਣੇ ਨਿੱਜੀ ਸਵਾਰਥਾਂ ਲਈ ਬਹੁਤ ਜ਼ਿਆਦਾ ਡਿੱਗ ਗਏ।

Image

ਮੁੱਖ ਮੰਤਰੀ ਨੇ ਟਿੱਪਣੀ ਕੀਤੀ ਕਿ ਅਜਿਹੇ ਲੋਕ ਮਹੱਤਵ ਵਾਲੇ ਸਮਾਰੋਹ ਪਿਛਲੀਆਂ ਸਰਕਾਰਾਂ ਦੌਰਾਨ ਕਾਫ਼ੀ ਮੁਸ਼ਕਲ ਨਾਲ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਸਰਕਾਰ ਵੱਲੋਂ ਅਜਿਹੇ ਪ੍ਰਾਜੈਕਟ ਲਗਾਤਾਰ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਅਜਿਹੇ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰ ਕੇ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

Image

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੁੜ ਨੰਬਰ ਇਕ ਬਣਨ ਦੇ ਰਾਹ ਉਤੇ ਹੈ ਕਿਉਂਕਿ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨਿੱਤ ਨਵੇਂ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਦਫ਼ਾ ਹੈ ਕਿ ਜਦੋਂ ਨੀਤੀਆਂ ਲੋਕਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰ ਕੇ ਬਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਫ਼ੀ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੇ ਪਹਿਲੀ ਵਾਰ ਨਰਮੇ ਦੀ ਫ਼ਸਲ ਨਹਿਰੀ ਪਾਣੀ ਨਾਲ ਬੀਜੀ ਹੈ।

ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਹੋਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਬਚਾਉਣ ਲਈ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਪੰਜਾਬ ਵਿੱਚ ਝੋਨੇ ਦੀ ਲੁਆਈ ਪੜਾਅਵਾਰ ਢੰਗ ਨਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਸੂਬੇ ਭਰ ਵਿੱਚ 10 ਜੂਨ ਤੋਂ ਇਲਾਵਾ 16, 19 ਤੇ 21 ਜੂਨ ਨੂੰ ਝੋਨੇ ਦੀ ਲਵਾਈ ਦੀ ਇਜਾਜ਼ਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਵਾਈ ਵਾਸਤੇ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੁੱਟਵੇਂ ਢੰਗ ਨਾਲ ਝੋਨੇ ਦੀ ਲਵਾਈ ਹੋਣ ਕਾਰਨ ਸਿੰਜਾਈ ਦੀਆਂ ਸਹੂਲਤਾਂ ਨੂੰ ਸੁਚਾਰੂ ਕਰਨ ਵਿੱਚ ਮਦਦ ਮਿਲੇਗੀ। ਪਹਿਲੇ ਪੜਾਅ ਵਿੱਚ ਕੌਮਾਂਤਰੀ ਸਰਹੱਦ ਨੇੜੇ ਤਾਰ ਤੋਂ ਪਾਰ 10 ਜੂਨ ਤੋਂ ਝੋਨਾ ਲਾਇਆ ਜਾਵੇਗਾ, ਜਿਸ ਲਈ ਕਿਸਾਨਾਂ ਨੂੰ ਬਾਕਾਇਦਾ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ ਸੱਤ ਜ਼ਿਲ੍ਹਿਆਂ, ਫ਼ਿਰੋਜ਼ਪੁਰ, ਫ਼ਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨ ਤਾਰਨ ਵਿੱਚ 16 ਜੂਨ ਤੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਤੀਜੇ ਪੜਾਅ ਵਿੱਚ ਰੂਪਨਗਰ, ਐਸ.ਏ.ਐਸ. ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਤੇ ਅੰਮ੍ਰਿਤਸਰ ਸਮੇਤ ਸੱਤ ਜ਼ਿਲ੍ਹਿਆਂ ਵਿੱਚ 19 ਜੂਨ ਤੋਂ ਝੋਨੇ ਦੀ ਲਵਾਈ ਤੀਜੇ ਗੇੜ ਵਿੱਚ ਹੋਵੇਗੀ, ਜਦੋਂ ਕਿ ਬਾਕੀ ਬਚਦੇ ਨੌਂ ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਤੇ ਮਾਨਸਾ ਵਿੱਚ 21 ਜੂਨ ਤੋਂ ਝੋਨੇ ਦੀ ਲਵਾਈ ਹੋਵੇਗੀ।

ਪੰਜਾਬ ਵਿਰੋਧੀ ਤੇ ਲੋਕ ਵਿਰੋਧੀ ਸਟੈਂਡ ਲਈ ਵਿਰੋਧੀਆਂ ਦੀ ਕੀਤੀ ਆਲੋਚਨਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਆਪਣੇ ਜੱਦੀ ਸ਼ਹਿਰ ਵਿੱਚ ਨਹੀਂ ਆਏ। ਭਗਵੰਤ ਮਾਨ ਨੇ ਕਿਹਾ ਕਿ ਉਹ ਕਾਰਜਭਾਰ ਸੰਭਾਲਣ ਤੋਂ ਬਾਅਦ ਇਸ ਸ਼ਾਹੀ ਸ਼ਹਿਰ ਵਿੱਚ ਮਹਾਰਾਜਾ ਪਟਿਆਲਾ ਦੇ ਸਮੁੱਚੇ ਕਾਰਜਕਾਲ ਵਿੱਚ ਮਾਰੇ ਗੇੜਿਆਂ ਨਾਲੋਂ ਵੱਧ ਵਾਰ ਆਏ ਹਨ। ਉਨ੍ਹਾਂ ਕਿਹਾ ਕਿ ਇਸੇ ਤਬਦੀਲੀ ਲਈ ਲੋਕਾਂ ਨੇ ਵਿਕਾਸ-ਪੱਖੀ ਸਰਕਾਰ ਨੂੰ ਚੁਣਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਇਸ ਗੱਲੋਂ ਵੈਰ ਰੱਖਦੀਆਂ ਹਨ ਕਿਉਂਕਿ ਉਹ ਆਮ ਪਰਿਵਾਰ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸਮਝਦੇ ਸਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਦੈਵੀ ਅਧਿਕਾਰ ਹੈ, ਇਸ ਕਾਰਨ ਹੀ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਪੰਜਾਬ ਦਾ ਕੰਮਕਾਜ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਗੁਮਰਾਹਕੁਨ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਨਾਂਹ-ਪੱਖੀ ਪ੍ਰਚਾਰ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਸੂਬੇ ਦੀ ਲੋਕ-ਪੱਖੀ ਸਰਕਾਰ ਵਿਰੁੱਧ ਹੱਥ ਮਿਲਾ ਲਿਆ ਪਰ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਦੇ ਫੈਸਲੇ ਦੀ ਵਿਸ਼ਵ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਕਦਮ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚਾਉਣ ਦੇ ਯੋਗ ਹੋਈ ਹੈ ਅਤੇ ਆਪਣੀ ਤਰ੍ਹਾਂ ਦੇ ਇਸ ਨਿਵੇਕਲੇ ਕਦਮ ਤਹਿਤ 50 ਕਰੋੜ ਰੁਪਏ ਬਚਣਗੇ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਸ ਫੈਸਲੇ ਨਾਲ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਵਿੱਚ ਮਦਦ ਮਿਲੀ ਹੈ ਅਤੇ ਇਕ ਸਰਵੇਖਣ ਵਿੱਚ ਪਤਾ ਚੱਲਿਆ ਕਿ ਇਸ ਨਾਲ ਮੋਹਾਲੀ ਦੀ ਇਕ ਏਅਰਪੋਰਟ ਰੋਡ ਉਤੇ ਰੋਜ਼ਾਨਾ ਸੱਤ ਹਜ਼ਾਰ ਲੀਟਰ ਤੇਲ ਦੀ ਖਪਤ ਘਟੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸਿਰਫ਼ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ਨਾ ਕਿ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਪੁਰਖਿਆਂ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਡਰੱਗ ਮਾਫੀਆ ਦੀ ਸਰਪ੍ਰਸਤੀ ਕਰਦੇ ਰਹੇ ਹਨ ਅਤੇ ਇਸ ਸਮੇਂ ਆਪਣੇ ਗੁਨਾਹਾਂ ਲਈ ਜ਼ਮਾਨਤ ‘ਤੇ ਹਨ, ਉਨ੍ਹਾਂ ਨੂੰ ਕੋਈ ਵੀ ਸਵਾਲ ਪੁੱਛਣ ਦਾ ਨੈਤਿਕ ਹੱਕ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਅਖੌਤੀ ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਲੀਡਰਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਸਲੀਕਾ ਵੀ ਨਹੀਂ ਹੈ, ਜਿਸ ਕਾਰਨ ਉਹ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ, ਜੋ ਕਿ ਅਣਉਚਿਤ ਅਤੇ ਗੈਰਵਾਜਬ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਵਾਸੀਆਂ ਨੂੰ ਵਿਸਾਰ ਦਿੱਤਾ ਸੀ ਅਤੇ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕਦਮ ਚੁੱਕੇ ਜਿਸ ਕਾਰਨ ਇਨ੍ਹਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਮੁੱਢਲੀਆਂ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਦਾ ਭਰਪੂਰ ਲਾਹਾ ਮਿਲ ਸਕੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਉਹ ਏਸੇ ਤਰ੍ਹਾਂ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਨਅਤਾਂ ਲਈ ਵਿਸ਼ੇਸ਼ ਤੌਰ ਉਤੇ ਹਰੇ ਰੰਗ ਦਾ ਸਟੈਂਪ ਪੇਪਰ ਲਾਗੂ ਕਰਨ ਦਾ ਫੈਸਲਾ ਅਮਲ ਵਿਚ ਲਿਆਂਦਾ ਅਤੇ ਇਸ ਨੇਕ ਉਪਰਾਲੇ ਨਾਲ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਹੋਵੇਗਾ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸੂਬੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਹਰ ਫੈਸਲਾ ਏਸੇ ਉਦੇਸ਼ ਨੂੰ ਸਮਰਪਿਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਹੋਰ ਸੂਬੇ ਵੀ ਪੰਜਾਬ ਸਰਕਾਰ ਦੇ ਇਸ ਉਦਯੋਗ ਪੱਖੀ ਪਹਿਲਕਦਮੀ ਨੂੰ ਲਾਗੂ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦਾ ਬਟਨ ਦਬਾ ਕੇ ਸੱਤਾ ਵਿੱਚ ਲਿਆਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਅੱਜ ਇਕ ਸਾਲ ਦੇ ਅੰਦਰ ਉਹ ਸੂਬੇ ਦੇ ਲੋਕਾਂ ਨੂੰ ਨਵੇਂ ਪ੍ਰੋਜੈਕਟ ਸਮਰਪਿਤ ਕਰਨ ਲਈ ਰੋਜ਼ਾਨਾ ਚਾਰ-ਪੰਜ ਬਟਨ ਦਬਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ, ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ।

ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ

ਮੁੱਖ ਮੰਤਰੀ ਨੇ ਕਿਹਾ ਕਿ ਇਕ ਵੱਡੀ ਲੋਕ ਪੱਖੀ ਪਹਿਲਕਦਮੀ ਵਜੋਂ ਸੂਬਾ ਸਰਕਾਰ ਨੇ ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅਧਿਕਾਰੀ ਖਾਸ ਕਰਕੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਧ ਤੋਂ ਵੱਧ ਆਪਣੇ ਖੇਤਰੀ ਦੌਰੇ ਖਾਸ ਕਰਕੇ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣ ਕੇ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਨੂੰ ਆਸਾਨੀ ਨਾਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਲਈ ਵਧੀਆ ਪ੍ਰਸ਼ਾਸਨ ਯਕੀਨੀ ਬਣਾਇਆ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਦਫ਼ਤਰਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਏਸੇ ਪ੍ਰੋਗਰਾਮ ਤਹਿਤ ਪਹਿਲਾਂ ਲੁਧਿਆਣਾ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਅਤੇ ਹੁਣ ਭਲਕੇ ਜਲੰਧਰ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਘਰ-ਘਰ ਤੱਕ ਪਹੁੰਚ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸੂਬੇ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਬਣਿਆ ਬੱਸ ਸਟੈਂਡ ਲਿਫਟਾਂ ਸਮੇਤ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ 61 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ ਵਿੱਚ ਲੋਕਾਂ ਦੀ ਸਹੂਲਤ ਲਈ 45 ਕਾਊਂਟਰ ਹਨ ਅਤੇ ਮੌਜੂਦਾ ਬੱਸ ਸਟੈਂਡ ਨੂੰ ਸਿਟੀ ਬੱਸ ਸਟੈਂਡ ਵਜੋਂ ਵਰਤਿਆ ਜਾਵੇਗਾ ਜਿੱਥੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਇਲੈਕਟ੍ਰੀਕਲ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਬੱਸ ਸਟੈਂਡ ਦੀ ਤਰਜ਼ ‘ਤੇ ਸੂਬੇ ਭਰ ਵਿੱਚ ਅਜਿਹੇ ਹੋਰ ਬੱਸ ਸਟੈਂਡ ਬਣਾਏ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਲਾਲਜੀਤ ਸਿੰਘ ਭੁੱਲਰ ਅਤੇ ਡਾ: ਬਲਬੀਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

 

Scroll to Top