AIR FORCE ACADEMY

“ਛੂਹਣਾ ਹੈ ਆਸਮਾਨ”: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਤਿੰਨ ਮਹਿਲਾ ਕੈਡਿਟਾਂ ਦੀ ਏਅਰ ਫੋਰਸ ਅਕੈਡਮੀ ‘ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ

ਚੰਡੀਗੜ੍ਹ, 14 ਜੂਨ 2023: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ ਨਗਰ (ਮੋਹਾਲੀ) ਦੀਆਂ ਤਿੰਨ ਲੇਡੀ ਕੈਡਿਟਾਂ ਪ੍ਰੀ-ਕਮਿਸ਼ਨ ਸਿਖਲਾਈ ਲਈ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ (AIR FORCE ACADEMY), ਡੰਡੀਗਲ ਵਿੱਚ ਚੁਣੀਆਂ ਗਈਆਂ ਹਨ। ਇਹ ਸਿਖਲਾਈ ਇਸ ਸਾਲ ਜੁਲਾਈ ਮਹੀਨੇ ਤੋਂ ਸ਼ੁਰੂ ਹੋਵੇਗੀ।

ਇਸ ਅਕੈਡਮੀ ਵਿੱਚ ਚੁਣੀ ਗਈ ਲੇਡੀ ਕੈਡਿਟ ਨਿਵੇਦਿਤਾ ਸੈਣੀ ਪਠਾਨਕੋਟ ਨਾਲ ਸਬੰਧਤ ਹੈ ਅਤੇ ਉਸ ਦੇ ਪਿਤਾ ਹਰਿੰਦਰ ਸਿੰਘ ਸੈਣੀ ਇਕ ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਹਨ। ਕੈਡਿਟ ਸਵਲੀਨ ਕੌਰ ਅਤੇ ਹਰਰੂਪ ਕੌਰ ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਰਹਿਣ ਵਾਲੀਆਂ ਹਨ। ਸਵਲੀਨ ਦੇ ਪਿਤਾ ਜਸਪਾਲ ਸਿੰਘ ਸੀਨੀਅਰ ਬੈਂਕ ਮੈਨੇਜਰ ਹਨ ਜਦੋਂਕਿ ਹਰਰੂਪ ਦੇ ਪਿਤਾ ਭਗਵੰਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਇਸ ਵੱਕਾਰੀ ਏਅਰ ਫੋਰਸ ਅਕੈਡਮੀ (AIR FORCE ACADEMY) ਵਿੱਚ ਚੋਣ ਲਈ ਪੰਜਾਬ ਦੀਆਂ ਇਨ੍ਹਾਂ ਧੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਅਸਲ ਵਿੱਚ ਪੰਜਾਬ ਦਾ ਮਾਣ ਹੈ ਅਤੇ ਸੂਬਾ ਸਰਕਾਰ ਦੀ ਇਹ ਨਿਵੇਕਲੀ ਪਹਿਲਕਦਮੀ ਪੰਜਾਬ ਦੀਆਂ ਧੀਆਂ ਦੇ ਹਥਿਆਰਬੰਦ ਬਲਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿੱਥੇ ਉਹ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਇਹ ਸਿਖਲਾਈ ਪ੍ਰਾਪਤ ਕਰ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ ਲੜਕੀਆਂ ਦੇ ਹਥਿਆਰਬੰਦ ਬਲਾਂ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆ ਕੋਸ਼ਿਸ਼ਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ ਜੁਲਾਈ 2023 ਤੋਂ ਸਿਖਲਾਈ ਸ਼ੁਰੂ ਹੋ ਜਾਵੇਗੀ।

ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ (ਰਿਟਾ.) ਜਸਬੀਰ ਸਿੰਘ ਸੰਧੂ (ਏ.ਵੀ.ਐਸ.ਐਮ) ਨੇ ਇਨ੍ਹਾਂ ਤਿੰਨ ਲੇਡੀ ਕੈਡਿਟਾਂ ਦੀ ਚੋਣ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਸਮੇਤ ਹੁਣ ਤੱਕ 26 ਲੇਡੀ ਕੈਡਿਟਾਂ ਵੱਖ-ਵੱਖ ਆਰਮਡ ਫੋਰਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰ ਚੁੱਕੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Scroll to Top